ਪੱਤਰ ਪ੍ਰੇਰਕ
ਅਟਾਰੀ, 10 ਸਤੰਬਰ
ਸਰਹੱਦੀ ਪਿੰਡ ਅਟਾਰੀ ਦੀ ਸਬ-ਤਹਿਸੀਲ ਵਿੱਚ ਚੱਲ ਰਹੇ ਸੁਵਿਧਾ ਸੈਂਟਰ ਨੂੰ ਪ੍ਰਸ਼ਾਸਨ ਵੱਲੋਂ ਰਾਤੋ-ਰਾਤ ਦੂਜੀ ਜਗ੍ਹਾ ਬਦਲਣ ਦੇ ਵਿਰੋਧ ’ਚ ਅੱਜ ਕਿਸਾਨ ਸੰਘਰਸ਼ ਕਮੇਟੀ ਸਣੇ ਇਲਾਕੇ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ, ਪ੍ਰਧਾਨ ਕੁਲਵੰਤ ਸਿੰਘ ਰਾਜਾਤਾਲ, ਕਾਬਲ ਸਿੰਘ ਮੁਹਾਵਾ ਤੇ ਕਿਸਾਨ ਆਗੂ ਗੁਰਭੇਜ ਸਿੰਘ ਜਠੌਲ ਸਣੇ ਇਲਾਕਾ ਵਾਸੀਆਂ ਵੱਲੋਂ ਨਾਇਬ ਤਹਿਸੀਲਦਾਰ ਦੇ ਰੀਡਰ ਸਾਬ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਭਰੋਭਾਲ ਅਤੇ ਕਾਬਲ ਸਿੰਘ ਮੁਹਾਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਟਾਰੀ ਸਥਿਤ ਸਬ-ਤਹਿਸੀਲ ਵਿੱਚ ਚੱਲ ਰਹੇ ਸੁਵਿਧਾ ਸੈਂਟਰ ਨੂੰ ਬੀਤੀ ਰਾਤ ਪ੍ਰਸ਼ਾਸਨ ਵੱਲੋਂ ਅਟਾਰੀ ਬਲਾਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ ਪਿੰਡ ਤੋਂ ਦੂਰ ਹੋਣ ਕਰ ਕੇ ਬਜ਼ੁਰਗਾਂ, ਔਰਤਾਂ ਅਤੇ ਅਪਾਹਜ਼ਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣੇਗਾ।
ਇੱਥੇ ਇਹ ਵੀ ਗੌਰਤਲਬ ਹੈ ਕਿ ਵਸੀਕੇ ਨਾਲ ਸਬੰਧਿਤ ਜੋ ਵੀ ਕੰਮ ਹਨ, ਉਹ ਸਬ-ਤਹਿਸੀਲ ਦੇ ਨਜ਼ਦੀਕ ਹੀ ਹਨ ਤੇ ਸੁਵਿਧਾ ਕੇਂਦਰ ਦੇ ਦੂਰ ਹੋ ਜਾਣ ਦੀ ਸੂਰਤ ਵਿੱਚ ਲੋਕਾਂ ਨੂੰ ਆਪਣੇ ਕੰਮ ਨਿਪਟਾਉਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਨੇ ਪ੍ਰਸ਼ਾਸ਼ਨ ਮੰਗ ਕੀਤੀ ਕਿ ਸੁਵਿਧਾ ਕੇਂਦਰ ਨੂੰ ਸਬ-ਤਹਿਸੀਲ ਅਟਾਰੀ ਵਿੱਚ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਇਸ ਮੌਕੇ ਬਲਜੀਤ ਸਿੰਘ ਬਾਗੜੀਆਂ, ਸੁਖਦੇਵ ਸਿੰਘ ਹਵੇਲੀਆਂ, ਗੁਰਪ੍ਰੀਤ ਸਿੰਘ ਮੁਹਾਵਾ, ਪੂਰਨ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ ਕਾਉਂਕੇ, ਹਰਮਿੰਦਰ ਸਿੰਘ ਭਰੋਭਾਲ, ਤਾਰਾ ਸਿੰਘ ਗਲੂਵਾਲ, ਰਾਜ ਸਿੰਘ ਤਾਜ਼ੇਚੱਕ, ਜਗਦੀਸ਼ ਸਿੰਘ, ਲਖਵਿੰਦਰ ਸਿੰਘ ਢਾਲਾ ਅਤੇ ਬਲਦੇਵ ਸਿੰਘ ਰਾਮੂਵਾਲ ਸਮੇਤ ਇਲਾਕੇ ਦੇ ਸੈਂਕੜੇ ਲੋਕ ਹਾਜ਼ਰ ਸਨ।