ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 1 ਅਕਤੂਬਰ
ਹਲਕਾ ਖਡੂਰ ਸਾਹਿਬ ਤੋ ਅਕਾਲੀ ਦਲ ਦੀ ਟਿਕਟ ਲਈ ਜ਼ੋਰ ਅਜਮਾਇਸ਼ ਕਰ ਰਹੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਖ਼ਿਲਾਫ਼ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ ਸਿੰਘ ਡਿਆਲ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਧਾਨ ਡਿਆਲ ਨੇ ਕਿਹਾ ਕਿ ਜੇਕਰ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਉਮੀਦਵਾਰ ਐਲਾਨਦਾ ਹੈ ਤਾਂ ਹਲਕੇ ਦਾ ਸਮੁੱਚਾ ਐੱਸਸੀ ਭਾਈਚਾਰਾ ਅਲਵਿੰਦਰਪਾਲ ਸਿੰਘ ਪੱਖੋਕੇ ਦਾ ਬਾਈਕਾਟ ਕਰੇਗਾ । ਸ੍ਰੀ ਡਿਆਲ ਨੇ ਆਖਿਆ ਕਿ ਉਹ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਐੱਸਸੀ ਵਿੰਗ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਰਹੇ ਹਨ। ਇਸ ਸਬੰਧੀ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਐੱਸਸੀ ਭਾਈਚਾਰੇ ਦਾ ਸਨਮਾਨ ਕਰਦੇ ਹਨ। ਪ੍ਰਧਾਨ ਬਖਸ਼ੀਸ ਸਿੰਘ ਡਿਆਲ ਵਿਰੋਧੀਆਂ ਦੇ ਬਹਿਕਾਵੇ ਵਿੱਚ ਆ ਕੇ ਬੇਬੁਨਿਆਦ ਦੋਸ਼ ਲਾ ਰਿਹਾ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੇ ਕਹਿਣ ਨਾਲ ਅਲਵਿੰਦਰਪਾਲ ਸਿੰਘ ਪੱਖੋਕੇ ਦਾ ਕੱਦ ਛੋਟਾ ਨਹੀਂ ਹੋ ਸਕਦਾ। ਜਥੇਦਾਰ ਪੱਖੋਕੇ ਨੇ ਕਿਹਾ ਕਿ ਬਖਸ਼ੀਸ ਸਿੰਘ ਡਿਆਲ ਨੂੰ ਐੱਸਸੀ ਵਿੰਗ ਦਾ ਪ੍ਰਧਾਨ ਬਣਾਉਣ ਲਈ ਉਨ੍ਹਾਂ ਅਹਿਮ ਰੋਲ ਅਦਾ ਕੀਤਾ ਹੈ।