ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 18 ਸਤੰਬਰ
ਪੰਜਾਬ ਤੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ 378 ਦਿਨ ਚੱਲੇ ਇਤਿਹਾਸਕ ਜੇਤੂ ਕਿਸਾਨ ਘੋਲ ਦੌਰਾਨ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਇਲਾਕੇ ਦੇ ਦੋ ਸੂਝਵਾਨ ਤੇ ਅਣਥੱਕ ਆਗੂਆਂ ਭਾਈ ਅੰਗਰੇਜ਼ ਸਿੰਘ ਕਾਮਲਪੁਰਾ ਤੇ ਭਾਈ ਕਾਬਲ ਸਿੰਘ ਲਸ਼ਕਰੀ ਨੰਗਲ ਤੇ ਸਤੰਬਰ ਮਹੀਨੇ ਦੇ ਸ਼ਹੀਦ ਬਲਦੇਵ ਸਿੰਘ ਮਾਨ ਦੀ ਬਰਸੀ ਗੁਰਦੁਆਰਾ ਬਾਬਾ ਬਹਾਦਰ ਸਿੰਘ ਖਤਰਾਏ ਖੁਰਦ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਨਾਈ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂਆਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਨਰਲ ਸਕੱਤਰ ਸਤਬਿੀਰ ਸਿੰਘ ਸੁਲਤਾਨੀ ਤੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਸ਼ਹੀਦ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੇ ਡੂੰਘੇ ਹੋ ਰਹੇ ਸੰਕਟ ਦਾ ਹੱਲ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਕਾਨੂੰਨ ਅਨੁਸਾਰ ਵੰਡ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਾ ਕਾਨੂੰਨ ਬਣਾਉਣਾ, ਕਰਜ਼ਾ ਮੁਆਫ਼ੀ, ਲੰਪੀ ਸਕਿਨ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਆਦਿ ਮੰਗਾਂ ਨੂੰ ਸਮਝਣਾ ਤੇ ਇਸ ਲਈ ਵੱਡੀ ਲਾਮਬੰਦੀ ਕਰਨ ਦਾ ਵੱਡਾ ਕਾਰਜ ਕਿਸਾਨ ਲਹਿਰ ਦੇ ਸਾਹਮਣੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸਾਥੀਆਂ ਭਾਈ ਅੰਗਰੇਜ਼ ਸਿੰਘ ਕਾਮਲਪੁਰਾ ਤੇ ਭਾਈ ਕਾਬਲ ਸਿੰਘ ਲਸ਼ਕਰੀ ਨੰਗਲ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਕਿਸਾਨਾਂ ਦੀਆਂ ਮੰਗਾਂ ਲਈ ਵੱਡੀ ਲਾਮਬੰਦੀ ਕਰ ਕੇ ਸਰਕਾਰਾਂ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨਾ ਹੋਵੇਗਾ।
ਇਸ ਸਮੇਂ ਕਿਸਾਨ ਆਗੂਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ ਤੇ ਹਰਦੀਪ ਕੌਰ ਕੋਟਲਾ, ਜ਼ਿਲ੍ਹਾ ਸਕੱਤਰ ਰਵਿੰਦਰ ਸਿੰਘ ਛੱਜਲਵੱਡੀ, ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ, ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਕੜਿਆਲ, ਦਵਿੰਦਰ ਸਿੰਘ ਗੱਗੋਮਾਹਲ, ਸੁਖਵਿੰਦਰ ਸਿੰਘ ਕਿਆਮਪੁਰ, ਜਸਬੀਰ ਸਿੰਘ ਰੱਖ ਓਠੀਆਂ ਤੇ ਅਜੀਤਪਾਲ ਸਿੰਘ ਲੌਂਗੋਮਾਹਲ ਸਮੇਤ ਵੱਡੀ ਗਿਣਤੀ ’ਚ ਆਮ ਲੋਕ ਹਾਜ਼ਰ ਸਨ।