ਐਨਪੀ ਧਵਨ
ਪਠਾਨਕੋਟ, 20 ਮਈ
ਜ਼ਿਲ੍ਹਾ ਪਠਾਨਕੋਟ ਵਿੱਚ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਭਾਰਤੀ ਸੈਨਾ ਨੂੰ ਬੇਨਤੀ ਕੀਤੇ ਜਾਣ ਦੇ 48 ਘੰਟਿਆਂ ਅੰਦਰ ਸੈਨਾ ਨੇ ਸਟੇਡੀਅਮ, ਲਮੀਨੀ ਵਿੱਚ 50 ਬੈੱਡ ਦਾ ਕੋਵਿਡ-19 ਦੇਖਭਾਲ ਕੇਂਦਰ ਸਥਾਪਿਤ ਕਰ ਦਿੱਤਾ।
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਇਸ ਦੇਖਭਾਲ ਕੇਂਦਰ ਦੀ ਸਥਾਪਨਾ ਨਾਲ ਅਜਿਹੇ ਕੋਵਿਡ ਮਰੀਜ਼ਾਂ ਨੂੰ ਮੱਦਦ ਮਿਲੇਗੀ ਜੋ ਸੀਨੀਅਰ ਸਿਟੀਜ਼ਨਾਂ, ਗਰਭਵਤੀ ਔਰਤਾਂ ਜਾਂ ਬੱਚਿਆਂ ਦੀ ਹਾਜ਼ਰੀ ਕਾਰਨ ਘਰਾਂ ਵਿੱਚ ਪ੍ਰਭਾਵੀ ਰੂਪ ਨਾਲ ਆਈਸੋਲੇਟ ਨਹੀਂ ਹੋ ਰਹੇ ਸਨ। ਸੈਨਾ ਦੀ ਪੱਛਮੀ ਕਮਾਂਡ ਦੇ ਡਿਫੈਂਸ ਪੀਆਰਓ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੈਨਾ ਨੇ 28 ਅਪਰੈਲ 2021 ਨੂੰ ਕੋਵਿਡ-19 ਮਰੀਜ਼ਾਂ ਦੀ ਸੰਖਿਆ ਵਧਣ ’ਤੇ ਜ਼ਿਲ੍ਹਾ ਹਸਪਤਾਲ ਪਠਾਨਕੋਟ ਦੀ 50 ਬਿਸਤਰੇ ਦੇ ਕੇ ਮੱਦਦ ਕੀਤੀ ਸੀ। ਇਸ ਦੇ ਇਲਾਵਾ ਪਠਾਨਕੋਟ ਦੇ ਸੈਨਾ ਹਸਪਤਾਲ ਵਿੱਚ ਸਿਵਲ ਹਸਪਤਾਲ ਵਲੋਂ ਰੈਫਰ ਕੋਵਿਡ-19 ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਲੱਗਭੱਗ 66 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਸ਼ਾਹਕੋਟ ’ਚ ਬਣਾਇਆ ਕੋਵਿਡ ਕੇਅਰ ਸੈਂਟਰ
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੋਂ ਦੇ ਇਕ ਨਿਜੀ ਹਸਪਤਾਲ ਦੀ ਪਹਿਲਕਦਮੀ ’ਤੇ ਪੰਜਾਬ ਸਰਕਾਰ ਨੇ 7 ਬਿਸਤਰਿਆਂ ਦੇ ਕੋਵਿਡ ਕੇਅਰ ਸੈਂਟਰ ਨੂੰ ਮਨਜ਼ੂਰੀ ਦਿੱਤੀ ਹੈ। ਸੈਂਟਰ ਦਾ ਉਦਘਾਟਨ ਕਰਦਿਆ ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਇਹ ਸੈਂਟਰ ਇਲਾਕਾ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਵਿਚ ਮਦਦਗਾਰ ਸਾਬਿਤ ਹੋਵੇਗਾ। ਸੁਰਿੰਦਰਾ ਹਸਪਤਾਲ ਦੇ ਸੰਚਾਲਕ ਡਾ. ਜਗਤਾਰ ਸਿੰਘ ਚੰਦੀ ਨੇ ਕਿਹਾ ਕਿ ਇਸ ਔਖੇ ਦੌਰ ਵਿਚ ਮਾਨਵਤਾ ਦੀ ਸੇਵਾ ਕਰਨ ਲਈ ਉਨ੍ਹਾਂ ਨੇ ਸਰਕਾਰ ਕੋਲੋਂ ਕੋਵਿਡ ਕੇਅਰ ਸੈਂਟਰ ਦੀ ਮਨਜ਼ੂਰੀ ਲਈ ਹੈ।