ਗੁਰਬਖਸ਼ਪੁਰੀ/ਜਤਿੰਦਰ ਸਿੰਘ ਬਾਵਾ
ਤਰਨ ਤਾਰਨ/ਸ੍ਰੀ ਗੋਇੰਦਵਾਲ ਸਾਹਿਬ, 19 ਜੁਲਾਈ
ਮੰਡ ਖੇਤਰ ਅੰਦਰਲੇ ਪਿੰਡ ਮੁੰਡਾਪਿੰਡ ਵਿੱਚ ਬੀਤੇ ਦਿਨ ਕਿਸਾਨਾਂ ਵਲੋਂ ਆਪਣੇ ਖੇਤਾਂ ਵਿੱਚ ਬਣਾਏ ਦੋ ਬੰਨ੍ਹਾਂ ਦੇ ਟੁੱਟ ਜਾਣ ਕਾਰਨ ਬਿਆਸ ਦਰਿਆ ਦਾ ਪਾਣੀ ਵੱਡੀ ਤਬਾਹੀ ਵੱਲ ਤੁਰ ਪਿਆ ਹੈ ਅਤੇ ਇਸ ਇਲਾਕੇ ਦੇ ਲਗਪਗ 28 ਪਿੰਡਾਂ ’ਚ 30,000 ਏਕੜ ਫ਼ਸਲ ਨੁਕਸਾਨੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬੀਤੇ ਦਿਨੀਂ ਇਹ ਵਹਾਅ ਦਸ ਪਿੰਡਾਂ ਦੀ ਲਗਪਗ 5000 ਏਕੜ ਫ਼ਸਲ ਲਈ ਖਤਰਾ ਬਣਿਆ ਹੋਇਆ ਸੀ|
ਬੇਲਗਾਮ ਹੋਏ ਬਿਆਸ ਦਰਿਆ ਦਾ ਪਾਣੀ ਮੰਡ ਖੇਤਰ ਅੰਦਰ ਭਾਲੋਜਲਾ, ਗਗੜੇਵਾਲ, ਰਾਮਪੁਰ, ਨਰੋਤਮਪੁਰ, ਵੈਰੋਵਾਲ, ਬੋਦਲਕੀੜੀ, ਕੀੜੀਸ਼ਾਹੀ, ਗੋਇੰਦਵਾਲ ਸਾਹਿਬ, ਧੁੰਦਾ, ਮਾਣਕਦੇਕੇ, ਜੌਹਲ ਢਾਏ ਵਾਲਾ, ਜੌਹਲ ਢਾਏ ਵਾਲਾ, ਧੁੰਨ ਢਾਏ ਵਾਲਾ, ਕਰਮੂੰਵਾਲਾ, ਘੜਕਾ ਆਦਿ ਤੋਂ ਹਰੀਕੇ ਤੱਕ ਦੇ ਪਿੰਡਾਂ ਦੀ ਮੰਡ ਖੇਤਰ ਵਿਚਲੀਆਂ ਫ਼ਸਲਾਂ ਲਈ ਖ਼ਤਰਾ ਬਣਿਆ ਹੋਇਆ ਹੈ। ਵੱਖ ਵੱਖ ਥਾਵਾਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਜ਼ਿਲ੍ਹੇ ਅੰਦਰ 30,000 ਏਕੜ ਫ਼ਸਲ ਵਿੱਚ ਦਰਿਆ ਦਾ ਪਾਣੀ ਭਰ ਗਿਆ ਹੈ। ਮੰਡ ਖੇਤਰ ਵਿੱਚ ਬਣੇ ਅਜਿਹੇ ਹਾਲਾਤ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਿਲ੍ਹੇ ਅੰਦਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਆਏ, ਪਰ ਉਹ ਪ੍ਰਭਾਵਿਤ ਇਲਾਕੇ ਅੰਦਰ ਨਹੀਂ ਗਏ। ਇਲਾਕੇ ਨਾਲ ਸਬੰਧਿਤ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂ ਨੇ ਇਸ ਸਥਿਤੀ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਸੂਰਵਾਰ ਠਹਿਰਾਉਂਦਿਆਂ ਕਿਹਾ ਕਿ ਸਮਾਂ ਰਹਿੰਦਿਆਂ ਬਚਾਅ ਲਈ ਕਦਮ ਨਹੀਂ ਚੁੱਕੇ ਗਏ।
ਉਧਰ, ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਇਸ ਪਾਣੀ ਵੱਲੋਂ ਮਾਰ ਕੀਤੇ ਰਕਬੇ ਅਤੇ ਪਿੰਡਾਂ ਦੀ ਜਾਣਕਾਰੀ ਦੇਣ ਬਾਰੇ ਇਨਕਾਰ ਕੀਤਾ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਪ੍ਰਸ਼ਾਸਨ ਨੇ ਅੱਜ ‘ਸਰਬਤ ਦਾ ਭਲਾ ਟਰਸਟ’ ਦੀ ਸਹਾਇਤਾ ਨਾਲ ਪ੍ਰਭਾਵਿਤ ਇਲਾਕੇ ਦੇ ਪੰਜ ਪਿੰਡਾਂ ਦੇ ਪਸ਼ੂਪਾਲਕਾਂ ਨੂੰ ਚਾਰੇ ਦੀ ਵੰਡ ਕੀਤੀ ਹੈ| ਇਸੇ ਦੌਰਾਨ ਇਲਾਕੇ ਅੰਦਰ ਹਲਕਾ ਵਿਧਾਇਕ ਵਲੋਂ ਹੜ੍ਹਾਂ ਪੀੜਤਾਂ ਤੱਕ ਇਕ ਵਾਰ ਵੀ ਦੁੱਖ ਵਿੱਚ ਸ਼ਰੀਕ ਨਾ ਹੋਣ ’ਤੇ ਲੋਕਾਂ ਦੇ ਮਨਾਂ ਅੰਦਰ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ|
ਉਧਰ, ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਅਧਿਕਾਰੀਆਂ, ਸਿਹਤ ਵਿਭਾਗ ਦੇ ਅਫ਼ਸਰਾਂ, ਆਈਐੱਮਏ ਤੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਹੜ੍ਹਾਂ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਸਬੰਧੀ ਮੀਟਿੰਗ ਕਰਦਿਆਂ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ| ਮੀਟਿੰਗ ਵਿੱਚ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਡਿਪਟੀ ਕਮਿਸ਼ਨਰ ਬਲਦੀਪ ਕੌਰ, ਐੱਸਐੱਸਪੀ ਗੁਰਮੀਤ ਸਿੰਘ ਚੌਹਾਨ, ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਆਦਿ ਅਧਿਕਾਰੀ ਵੀ ਹਾਜ਼ਰ ਸਨ।