ਪੱਤਰ ਪ੍ਰੇਰਕ
ਤਰਨ ਤਾਰਨ, 30 ਜੂਨ
ਕਸੂਰ ਬਰਾਂਚ ਲੋਅਰ (ਕੇਬੀਐਲ) ਨਹਿਰ ਵਿੱਚ ਜੌੜਾ ਪਿੰਡ ਨੇੜੇ ਕੱਲ੍ਹ ਪਾਣੀ ਪੀਂਦਿਆਂ ਵਹਿ ਗਏ ਪਿਓ-ਪੁੱਤ ਦੀਆਂ ਲਾਸ਼ਾਂ ਗੋਤਾਖੋਰਾਂ ਵਲੋਂ ਅੱਜ ਲੱਭ ਲਈਆਂ ਗਈਆਂ| ਮ੍ਰਿਤਕਾਂ ਦੀ ਸ਼ਨਾਖ਼ਤ ਜੌੜਾ ਪਿੰਡ ਵਾਸੀ ਤੇਜਿੰਦਰ ਸਿੰਘ (50) ਤੇ ਗੁਰਦਿਤ ਸਿੰਘ (17) ਦੇ ਤੌਰ ’ਤੇ ਕੀਤੀ ਗਈ ਹੈ| ਘਟਨਾ ਵੇਲੇ ਮੌਕੇ ’ਤੇ ਉਨ੍ਹਾਂ ਪਿਓ-ਪੁੱਤ ਤੋਂ ਇਲਾਵਾ ਹੋਰ ਕੋਈ ਚਸ਼ਮਦੀਦ ਗਵਾਹ ਨਹੀਂ ਸੀ| ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਦੱਸਿਆ ਕਿ ਮਜ਼ਦੂਰੀ ਦਾ ਕੰਮ ਕਰਦੇ ਪਿਓ-ਪੁੱਤ ਸ਼ਾਮ ਵੇਲੇ ਦਿਹਾੜੀ ਖ਼ਤਮ ਹੋਣ ’ਤੇ ਨਹਿਰ ਤੋਂ ਪਾਣੀ ਪੀਣ ਲਈ ਗਏ ਸਨ ਜਿਥੇ ਦੋਵੇਂ ਜਣੇ ਨਹਿਰ ਵਿੱਚ ਡਿੱਗ ਗਏ| ਲੋਕਾਂ ਨੇ ਦੇਰ ਸ਼ਾਮ ਤੱਕ ਉਨ੍ਹਾਂ ਦੀ ਭਾਲ ਕੀਤੀ ਪਰ ਉਹ ਨਾ ਮਿਲੇ| ਮੌਕੇ ’ਤੇ ਥਾਣਾ ਸਰਹਾਲੀ ਦੀ ਪੁਲੀਸ ਵੀ ਆ ਗਈ| ਪੁਲੀਸ ਨੇ ਘਟਨਾ ਥਾਂ ’ਤੇ ਰਾਤ ਭਰ ਪਹਿਰਾ ਦਿੱਤਾ| ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਅੱਜ ਸਵੇਰ ਵੇਲੇ ਹਰੀਕੇ ਤੋਂ ਗੋਤਾਖੋਰ ਮੰਗਵਾਏ| ਗੋਤਾਖੋਰਾਂ ਨੇ ਛੇਤੀ ਹੀ ਗੁਰਦਿਤ ਸਿੰਘ ਦੀ ਲਾਸ਼ ਕੱਢ ਲਈ ਪਰ ਤੇਜਿੰਦਰ ਸਿੰਘ ਦੀ ਲਾਸ਼ ਲਈ ਕਈ ਘੰਟੇ ਮਿਹਨਤ ਕਰਨੀ ਪਈ| ਸਰਹਾਲੀ ਥਾਣਾ ਦੇ ਪੁਲਿਸ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਗਈ ਹੈ।