ਕੇ.ਪੀ ਸਿੰਘ
ਗੁਰਦਾਸਪੁਰ, 19 ਜਨਵਰੀ
ਪਿੰਡ ਜੱਗੋਚੱਕ ਟਾਂਡਾ ਦੇ ਇੱਕ 16 ਸਾਲ ਦੇ ਅੰਮ੍ਰਿਤਧਾਰੀ ਲੜਕੇ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਦੇ ਖੇਤਾਂ ਵਿੱਚ ਇੱਕ ਰੁੱਖ ਨਾਲ ਲਟਕਦੀ ਮਿਲੀ। ਮਨਪ੍ਰੀਤ ਸਿੰਘ ਦੇ ਪਿਤਾ ਨੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਸੇਵਾ ਲਈ ਜਾਂਦਾ ਸੀ। ਬੁੱਧਵਾਰ ਨੂੰ ਪਿੰਡ ਵਿੱਚ ਮਨਾਏ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਲਈ ਵੀ ਉਹ ਜੁਟਿਆ ਹੋਇਆ ਸੀ ਅਤੇ ਗੁਰਪੁਰਬ ਮੌਕੇ ਉਸ ਨੇ ਗਤਕੇ ਦੇ ਜੌਹਰ ਵਿਖਾਉਣੇ ਸਨ। ਪਰ ਸੋਮਵਾਰ ਉਹ ਗੁਰਦੁਆਰੇ ਤੋਂ ਘਰ ਵਾਪਸ ਨਹੀਂ ਆਇਆ। ਮੰਗਲਵਾਰ ਸਵੇਰ ਅੱਠ ਵਜੇ ਦੇ ਕਰੀਬ ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਰੁੱਖ ਨਾਲ ਮਨਪ੍ਰੀਤ ਦੀ ਲਾਸ਼ ਲਟਕਦੀ ਵੇਖੀ। ਲਾਸ਼, ਗਲੇ ਵਿੱਚ ਬੰਨ੍ਹੇ ਹੋਏ ਦੁਮਾਲੇ ਨਾਲ ਸਫ਼ੈਦੇ ਦੇ ਇੱਕ ਸੁੱਕੇ ਰੁੱਖ ਤੇ ਲਟਕ ਰਹੀ ਸੀ । ਮਨਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਦੀ ਅਤੇ ਨਾ ਹੀ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਹੈ। ਥਾਣਾ ਬਹਿਰਾਮਪੁਰ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫ਼ਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।