ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 31 ਮਈ
ਪਿੰਡ ਲੱਖੋਵਾਲ ਦੇ ਖੇਤਾਂ ਵਿੱਚੋਂ 18 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਣਾ ਮਸੀਹ ਪੁੱਤਰ ਵਾਰਿਸ ਮਸੀਹ ਵਾਸੀ ਪਿੰਡ ਲੱਖੋਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਵਾਰਿਸ ਮਸੀਹ ਨੇ ਦੱਸਿਆ ਕਿ ਰਾਣ ਕੱਲ੍ਹ ਤੋਂ ਘਰ ਵਾਪਸ ਨਹੀਂ ਸੀ ਆਇਆ। ਅੱਜ ਸਵੇਰੇ ਕੁਝ ਪਿੰਡ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਲੜਕੇ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚ ਪਈ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਲੜਕੇ ਦੀ ਕੁਝ ਲੋਕਾਂ ਨਾਲ ਇੱਕ ਮੇਲੇ ਵਿੱਚ ਲੜਾਈ ਹੋ ਗਈ ਸੀ, ਉਸ ਦੇ ਲੜਕੇ ਦਾ ਕਤਲ ਵੀ ਉਸੇ ਰੰਜਿਸ਼ ਦੇ ਤਹਿਤ ਹੋਇਆ ਹੈ। ਥਾਣਾ ਸਦਰ ਗੁਰਦਾਸਪੁਰ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।