ਪੱਤਰ ਪ੍ਰੇਰਕ
ਪਠਾਨਕੋਟ, 11 ਜੁਲਾਈ
ਧਾਰਕਲਾਂ ਤਹਿਸੀਲ ਦੇ ਪਿੰਡ ਭੰਗੂੜੀ ਤੋਂ ਚੰਡੋਲਾ ਵਿਚਾਲੇ ਪੈਂਦਾ ਪੁਲ ਕੱਲ੍ਹ ਹੋਈ ਭਾਰੀ ਬਾਰਿਸ਼ ਕਾਰਨ ਰੁੜ੍ਹ ਗਿਆ। ਪੁਲ ਰੁੜ੍ਹਨ ਕਾਰਨ ਭੰਗੂੜੀ ਸਮੇਤ ਪਲਾਹ, ਰੋਘ ਤੇ ਬਾਸਾ ਆਦਿ ਪਿੰਡਾਂ ਦੇ ਲੋਕਾਂ ਦਾ ਡਿਫੈਂਸ ਰੋਡ ਨਾਲ ਸੰਪਰਕ ਟੁੱਟ ਗਿਆ ਹੈ, ਜਿਸ ਕਰ ਕੇ ਹੁਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਭੰਗੂੜੀ ਦੀ ਸਰਪੰਚ ਵੀਨਾ ਮਿਨਹਾਸ ਨੇ ਦੱਸਿਆ ਕਿ ਪੁਲ ਦੇ ਰੁੜ੍ਹਨ ਕਾਰਨ ਭੰਗੂੜੀ ਦੇ ਲੋਕਾਂ ਦੀਆਂ ਸਮੱਸਿਆਵਾਂ ਸਭ ਤੋਂ ਜ਼ਿਆਦਾ ਵਧ ਗਈਆਂ ਹਨ। ਉੱਧਰ, ਪੰਜਾਬ ਮੰਡੀ ਬੋਰਡ ਪਠਾਨਕੋਟ ਦੇ ਐੱਸਡੀਓ ਪਰਮਪਾਲ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਯੋਜਨਾ ਬਣਾ ਕੇ ਭੇਜੀ ਜਾਵੇਗੀ ਅਤੇ ਮਨਜ਼ੂਰੀ ਤੇ ਫੰਡ ਮਿਲਣ ਤੋਂ ਬਾਅਦ ਹੀ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ।