ਜਤਿੰਦਰ ਬੈਂਸ
ਗੁਰਦਾਸਪੁਰ, 9 ਜੂਨ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਮੇਸ਼ ਰਾਣਾ, ਕਾਮਰੇਡ ਸਤਬਿੀਰ ਸਿੰਘ ਸੁਲਤਾਨੀ, ਕਾਮਰੇਡ ਪਰਮਜੀਤ ਸਿੰਘ ਰਤਨਗੜ੍ਹ, ਕਾਮਰੇਡ ਤਰਲੋਕ ਸਿੰਘ ਬਹਿਰਾਮਪੁਰ ਹਾਜ਼ਰ ਸਨ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ ਸਮਰਾ, ਸ਼ਹੀਦ ਕਾਮਰੇਡ ਅਮਰੀਕ ਦੀ ਪਤਨੀ ਸੁਰਿੰਦਰ ਕੌਰ ਅਤੇ ਇਲਾਕੇ ਭਰ ਵਿੱਚੋਂ ਆਏ ਪਾਰਟੀ ਕਾਰਕੁੰਨਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਾਜ ਕੁਮਾਰ ਪੰਡੋਰੀ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ।
ਸੀਪੀਆਈ (ਐੱਮ.ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਨੂੰ ਨਾ ਸਿਰਫ ਖਤਮ ਕੀਤਾ ਸਗੋਂ ਪਿੰਡ ਪੱਧਰੀ ਸੱਤਾ ਨੂੰ ਆਮ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਕਾਮਰੇਡ ਅਮਰੀਕ ਸਿੰਘ ਪਨਿਆੜ ਨੇ ਸਰਕਾਰੀ ਜ਼ੁਲਮ ਖ਼ਿਲਾਫ਼ ਆਵਾਜ਼ ਨੂੰ ਬੁਲੰਦ ਕੀਤਾ ਅਤੇ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦਾ ਦੌਰ ਫਾਸ਼ੀਵਾਦ ਦੀ ਸਥਾਪਤੀ ਵੱਲ ਨੂੰ ਕਦਮ ਹੈ। ਇਸ ਫਾਸ਼ੀਵਾਦ ਨੂੰ ਲੋਕ ਏਕਤਾ ਨਾਲ ਹੀ ਹਰਾਇਆ ਜਾ ਸਕਦਾ ਹੈ।
ਇਸੇ ਦੌਰਾਨ ਕਾਮਰੇਡ ਰਮੇਸ਼ ਰਾਣਾ ਨੇ ਇੱਕਤਰ ਲੋਕਾਂ ਨੂੰ ਹਕੂਮਤਾਂ ਦੀਆਂ ਚਾਲਾਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਢਾਡੀ ਕਵੀਸ਼ਰੀ ਜੱਥਾ ਸੁਖਰਾਜ ਸਿੰਘ ਰਾਜਾ ਮੁਸਫਾਬਾਦ ਸੈਦਾਂ ਤੇ ਸਾਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਮਿਸਾਲ ਦਾਸਤਾਨ ਲੋਕਾਂ ਨੂੰ ਸੁਣਾਈ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਪੋਤਰੇ ਰਾਜਵੀਰ ਸਿੰਘ ਪਨਿਆੜ ਨੇ ਆਪਣੀ ਕਵਿਤਾ ਪੇਸ਼ ਕੀਤੀ।
ਸਰਕਾਰ ਨੂੰ ਟੱਕਰ ਦੇਣ ਲਈ ਕਿਸਾਨ ਮੋਰਚਾ ਯਤਨਸ਼ੀਲ
ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਮੋਦੀ ਦੇ ਫਾਸ਼ੀਵਾਦ ਨੂੰ ਟੱਕਰ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ, ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਕੇ ਜੰਮੂ ਅਤੇ ਕਸ਼ਮੀਰ ਦੇ ਟੋਟੇ ਕਰਨ, ਬਾਬਰੀ ਮਸਜਿਦ ਦੇ ਫੈਸਲੇ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਦੀਆਂ ਕਾਰਵਾਈਆਂ ਤੋਂ ਬਾਅਦ ਮੋਦੀ ਸਰਕਾਰ ਕਾਬੂ ਤੋਂ ਬਾਹਰ ਹੋ ਰਹੀ ਸੀ ਪਰ ਕਿਸਾਨੀ ਅੰਦੋਲਨ ਨੇ ਇਸ ਨੂੰ ਠੱਲ੍ਹ ਪਾਈ ਹੈ।