ਦਲਬੀਰ ਸੱਖੋਵਾਲੀਆ
ਬਟਾਲਾ, 14 ਮਈ
ਪਿੰਡ ਖੁਜਾਲਾ ਦੇ ਸਰਪੰਚ ਵੱਲੋਂ ਦਲਿਤ ਬਜ਼ੁਰਗ ਦੀ ਕੁੱਟਮਾਰ ਕਰਨ ਅਤੇ ਦਲਿਤ ਪਰਿਵਾਰ ਦੇ ਘਰ ਅੱਗੇ ਜਬਰੀ ਗੰਦਾ ਨਾਲਾ ਕੱਢਣ ਦਾ ਮਾਮਲਾ ਪੰਜਾਬ ਰਾਜ ਐੱਸਸੀ ਕਮਿਸ਼ਨ ਕੋਲ ਪਹੁੰਚ ਗਿਆ ਹੈ।
ਸ਼ਿਕਾਇਤਕਰਤਾ ਅਤੇ ਪੀੜਤ ਬਜ਼ੁਰਗ ਦੇ ਪੁੱਤਰ ਹਰਦੀਪ ਸਿੰਘ ਨੇ ਅੱਜ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕਰਨ ਮੌਕੇ ਲਿਖਤੀ ਸ਼ਿਕਾਇਤ ਦਿੱਤੀ।
ਉਨ੍ਹਾਂ ਡਾ. ਸਿਆਲਕਾ ਨੂੰ ਸ਼ਿਕਾਇਤ ਸੌਂਪਦਿਆਂ ਦੱਸਿਆ ਕਿ ਅੱਠ ਮਈ ਨੂੰ ਪਿੰਡ ਦੇ ਸਰਪੰਚ ਨੇ ਉਸ ਦੇ ਬਾਪ ਦੀ ਕੁੱਟਮਾਰ ਇਸ ਕਰਕੇ ਕੀਤੀ ਕਿ ਉਸ ਨੇ ਸਰਪੰਚ ਦੁਆਰਾ ਉਨ੍ਹਾਂ ਦੇ ਘਰ ਅੱਗੇ ਜਬਰੀ ਕੱਢੇ ਜਾ ਰਹੇ ਗੰਦੇ ਨਾਲੇ ਦਾ ਵਿਰੋਧ ਕੀਤਾ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਤਰਸੇਮ ਸਿੰਘ ਸਿਆਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮਿਸ਼ਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਏਗਾ ਅਤੇ ਦਲਿਤ ਪਰਿਵਾਰ ’ਤੇ ਅੱਤਿਆਚਾਰ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਏਡੀਜੀਪੀ ਜਾਂਚ ਪੰਜਾਬ ਨੂੰ ਲਿਖਿਆ ਗਿਆ ਹੈ।
ਦਲਿਤ ਪਰਿਵਾਰਾਂ ਵੱਲੋਂ ਕਮਿਸ਼ਨ ਮੈਂਬਰ ਨਾਲ ਮੁਲਾਕਾਤ
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਇਥੇ ਦਰਜਨ ਦੇ ਕਰੀਬ ਦਲਿਤ ਪਰਿਵਾਰਾਂ ਵੱਲੋਂ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਡਾਕਟਰ ਤਰਸੇਮ ਸਿੰਘ ਸਿਆਲਕਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਗ੍ਰਾਮ ਪੰਚਾਇਤ ਪਿੰਡ ਬੋਹਜ਼ਾ ਅਤੇ ਸਰਕਾਰੀ ਅਮਲੇ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ‘ਚ ਅਣਸੁਣਿਆ ਕਰਨ ਅਤੇ ਗੰਦੇ ਪਾਣੀ ਦੀ ਨਿਕਾਸੀ ’ਤੇ ਰੋਕ ਲਗਾਉਣ ਦਾ ਮੁੱਦਾ ਚੁੱਕਿਆ ਗਿਆ। ਪ੍ਰਭਾਵਿਤ ਦਲਿਤ ਪਰਿਵਾਰਾਂ ਦੇ ਮੁਖੀ ਗੁਰਨਾਮ ਸਿੰਘ, ਸਵਰਨ ਸਿੰਘ ਤੇ ਗੁਰਮੀਤ ਕੌਰ ਆਦਿ ਨੇ ਸ਼ਿਕਾਇਤ ਵਿੱਚ ਕਿਹਾ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਅਮਲੇ ਅਤੇ ਗ੍ਰਾਮ ਪੰਚਾਇਤ ਪਿੰਡ ਬੋਹਜ਼ਾ ਵੱਲੋਂ ਦਲਿਤਾਂ ਪਰਿਵਾਰਾਂ ਨੂੰ ਗੰਦਗੀ ‘ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਡਾਕਟਰ ਸਿਆਲਕਾ ਵੱਲੋਂ ਉਕਤ ਵਿਅਕਤੀਆਂ ਦੀ ਸ਼ਿਕਾਇਤਾਂ ਸੁਣਨ ਉਪਰੰਤ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ।