ਐੱਨਪੀ ਧਵਨ
ਪਠਾਨਕੋਟ, 24 ਜੂਨ
ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਲੰਘੇ ਦਿਨ ਪਿੰਡ ਅਖਵਾੜਾ ਵਿੱਚ ਗੈਰਕਾਨੂੰਨੀ ਮਾਈਨਿੰਗ ਕਰਨ ਅਤੇ ਧੱਕੇ ਨਾਲ ਨਿੱਜੀ ਜ਼ਮੀਨ ਵਿੱਚੋਂ ਲਾਂਘਾ ਬਣਾਉਣ ’ਤੇ ਵਿਰੋਧ ਕਰਨ ਵਾਲੇ ਨਿੱਜੀ ਜ਼ਮੀਨ ਦੇ 2 ਭਰਾਵਾਂ ਨੂੰ ਜ਼ਖਮੀ ਕਰਨ ਵਾਲੇ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲੀਸ ਨੇ ਕੱਚੇ ਮਾਲ ਨਾਲ ਭਰੇ 4 ਟਿੱਪਰਾਂ ਅਤੇ ਇੱਕ ਜੇਸੀਬੀ ਮਸ਼ੀਨ ਨੂੰ ਵੀ ਕਬਜ਼ੇ ਵਿੱਚ ਲਿਆ ਹੈ।
ਮੁਲਜ਼ਮਾਂ ਵਿੱਚ ਗੁਰਮਿਹਰ ਸਟੋਨ ਕਰੱਸ਼ਰ ਅਖਵਾੜਾ ਦੇ ਮੁਨਸ਼ੀ ਦਿਲਬਾਗ ਸਿੰਘ ਉਰਫ ਬੱਗੀ, ਵਿਕਰ ਮੁਨਸ਼ੀ ਅਤੇ 3 ਹੋਰ ਅਣਪਛਾਤੇ ਸ਼ਾਮਲ ਹਨ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਦੂਸਰੇ ਪਾਸੇ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਅੱਜ ਪਿੰਡ ਅਖਵਾੜਾ ਵਿੱਚ ਉਕਤ ਸਥਾਨ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਸਾਬਕਾ ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਉਹ ਪਿੰਡ ਅਖਵਾੜਾ ਦੇ ਵਾਸੀਆਂ ਨਾਲ ਡਟ ਕੇ ਖੜ੍ਹੇ ਹਨ ਅਤੇ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਲਾਂਘਾ ਨਹੀਂ ਬਣਨ ਦੇਣਗੇ। ਜ਼ਿਕਰਯੋਗ ਹੈ ਕਿ ਲੰਘੇ ਦਿਨ ਪਿੰਡ ਅਖਵਾੜਾ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਰਕੇ ਟਿੱਪਰਾਂ ਵਿੱਚ ਕੱਚਾ ਮਾਲ ਭਰਕੇ ਜਦ ਟਿੱਪਰ ਚਾਲਕ ਨਿੱਜੀ ਜ਼ਮੀਨ ਵਿੱਚੋਂ ਲੰਘਣ ਲੱਗੇ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕਰਕੇ ਮਸ਼ੀਨਰੀ ਨੂੰ ਡਕ ਲਿਆ। ਇਸ ਤੋਂ ਬਾਅਦ ਵਿੱਚ ਸਟੋਨ ਕਰੱਸ਼ਰ ਤੋਂ ਇੱਕ ਬਲੈਰੋ ਗੱਡੀ ਵਿੱਚ ਆਏ ਵਿਅਕਤੀਆਂ ਨੇ ਨਿੱਜੀ ਜ਼ਮੀਨ ਦੇ ਮਾਲਕ 2 ਭਰਾਵਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ। ਜਦ ਕਿ ਪਿੰਡ ਵਾਸੀਆਂ ਨੇ ਮਸ਼ੀਨਰੀ ਨੂੰ ਹਿੱਲਣ ਨਾ ਦਿੱਤਾ ਅਤੇ ਪੁਲੀਸ ਨੂੰ ਮੌਕੇ ’ਤੇ ਬੁਲਾ ਲਿਆ ਤੇ 4 ਟਿੱਪਰ ਤੇ ਇੱਕ ਜੇਸੀਬੀ ਪੁਲੀਸ ਦੇ ਹਵਾਲੇ ਕਰ ਦਿੱਤੀ। ਬਾਅਦ ਵਿੱਚ ਮਾਈਨਿੰਗ ਇੰਸਪੈਕਟਰ ਨਵਪ੍ਰੀਤ ਸਿੰਘ ਨੇ ਮੌਕੇ ਉਪਰ ਜਾ ਕੇ ਜਾਇਜ਼ਾ ਲਿਆ ਅਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦੱਸ ਕੇ ਪੁਲੀਸ ਨੂੰ ਲਿਖਤੀ ਰਿਪੋਰਟ ਕਰ ਦਿੱਤੀ। ਪੁਲੀਸ ਨੇ ਜ਼ਖਮੀਆਂ ਦੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।