ਐਨਪੀ. ਧਵਨ
ਪਠਾਨਕੋਟ, 19 ਸਤੰਬਰ
ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ ਅਤੇ ਐਨਆਰਐਮਯੂੁ (ਨਾਰਦਰਨ ਰੇਲਵੇ ਮੈਨਸ ਯੂਨੀਅਨ) ਵੱਲੋਂ 19 ਸਤੰਬਰ 1968 ਦੇ ਰੇਲਵੇ ਦੇ ਸ਼ਹੀਦਾਂ ਦੀ ਯਾਦ ਵਿੱਚ 54ਵੀਂ ਸ਼ਹੀਦੀ ਕਾਨਫਰੰਸ ਅੱਜ ਇਥੇ ਰੇਲਵੇ ਸਟੇਸ਼ਨ ਤੇ ਕੀਤੀ ਗਈ। ਜਿਸ ਵਿੱਚ ਰੇਲਵੇ ਦੇ ਅੰਬਾਲਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਮੁਕੇਰੀਆਂ, ਜੰਮੂ ਆਦਿ ਸਥਾਨਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਿਸ਼ੇਸ ਰੇਲ ਗੱਡੀਆਂ ਰਾਹੀਂ ਪੁੱਜੇ ਹੋਏ ਸਨ। ਇਸ ਕਾਨਫਰੰਸ ਦੀ ਅਗਵਾਈ ਕੌਂਸਲ ਦੇ ਪ੍ਰਧਾਨ ਹਰਿੰਦਰ ਰੰਧਾਵਾ ਅਤੇ ਐਨਆਰਐਮਯੂ ਦੇ ਸਹਾਇਕ ਮੰਡਲ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਨੇ ਕੀਤੀ। ਐਨਆਰਐਮਯੂ ਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ, ਜੋਨਲ ਪ੍ਰਧਾਨ ਐਸਕੇ ਤਿਆਗੀ, ਸੀਟੀਯੂ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ, ਜਮਹੂਰੀ ਕਿਸਾਨ ਸਭਾ ਦੇ ਬਲਵੰਤ ਸਿੰਘ ਘੋਹ, ਐਨਆਰਐਮਯੂ ਦੇ ਪ੍ਰਵੀਨ ਕੁਮਾਰ, ਟੀਆਰ ਗੌਤਮ, ਕੁਲਵਿੰਦਰ ਗਰੇਵਾਲ ਆਦਿ ਆਗੂਆਂ ਨੇ ਸ਼ਰਧਾਂਜਲੀ ਦਿੱਤੀ। ਸੀਟੀਯੂ ਦੇ ਮੀਤ ਪ੍ਰਧਾਨ ਅਤੇ ਮਜ਼ਦੂਰ ਲਹਿਰ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਰਕਾਰਾਂ ਚਾਹੇ 1968 ਦੇ ਦਸ਼ਕ ਦੀ ਹੋਵੇ ਜਾਂ ਅੱਜ ਦੀ, ਸਾਰੇ ਮਜ਼ਦੂਰ ਵਿਰੋਧੀ ਹਨ। ਕੇਂਦਰ ਸਰਕਾਰ ਨੇ ਰੇਲ ਨੂੰ ਟੁਕੜੇ-ਟੁਕੜੇ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਕੇ ਕੰਗਾਲੀ ਦੇ ਦੁਆਰ ’ਤੇ ਖੜ੍ਹਾ ਕਰ ਦਿੱਤਾ ਹੈ।
ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਰਨ ਰੇਲਵੇ ਮੈਨਸ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ ਕਿ ਸਰਕਾਰ ਦੇ ਮਨਸੂਬੇ ਮਜ਼ਦੂਰ ਵਿਰੋਧੀ ਹਨ ਪਰ ਯੂਨੀਅਨ ਰੇਲ ਨੂੰ ਬਚਾਉਣ ਲਈ ਯਤਨਸ਼ੀਲ ਹੈ। ਪ੍ਰੋਡਕਸ਼ਨ ਹਾਊਸ ਦੀ 5 ਯੂਨਿਟਾਂ ਨੂੰ ਆਊਟਸੋਰਸ ਕਰਨ ਦੀ ਤਿਆਰੀ ਪੂਰੀ ਹੋ ਗਈ ਹੈ, ਇਸ ਸਮੇਂ ਸਭ ਤੋਂ ਵੱਡਾ ਕੋਹੜ ਐੱਨਪੀਐੱਸ ਦੇ ਰੂਪ ਵਿੱਚ ਲੱਗਾ ਹੈ, ਉਸ ਨੂੰ ਖਤਮ ਕਰਨ ਲਈ 12 ਅਕਤੂਬਰ ਨੂੰ ਦੇਸ਼ਿਵਆਪੀ ਸ਼ਾਖਾ ਪੱਧਰ ’ਤੇ ਭੁੱਖ ਹੜਤਾਲ ਕੀਤੀ ਜਾਵੇਗੀ।