ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 11 ਜੂਨ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਨੇਮੂਅਲ ਨਾਹਰ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੀਟਿੰਗਾਂ ਕੀਤੀਆਂ ਗਈਆਂ। ਇਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ। ਇਸ ਤੋਂ ਬਾਅਦ ਕਮਿਸ਼ਨ ਵੱਲੋਂ ਬੇਰਿੰਗ ਕਾਲਜ ਅਤੇ ਬਟਾਲਾ ਕੱਲਬ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਚੇਅਰਮੈਨ ਡਾ. ਨਾਹਰ ਨੇ ਕਿਹਾ ਕਿ ਇਸਾਈ ਤੇ ਮੁਸਲਿਮ ਭਾਈਚਾਰੇ ਨੂੰ ਕਬਰਸਤਾਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ। ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਜਟ ਵਿੱਚ ਕਬਰਸਤਾਨਾਂ ਵਾਸਤੇ 20 ਲੱਖ ਰੁਪਏ ਅਲਾਟ ਕੀਤੇ ਹਨ। ਚੇਅਰਮੈਨ ਨੇ ਕਿਹਾ ਕਿ ਚਰਚ ਦੀ ਜ਼ਮੀਨ ਨੂੰ ਕੋਈ ਵੀ ਵੇਚ ਨਹੀਂ ਸਕਦਾ ਅਤੇ ਨਾ ਹੀ ਕਬਜ਼ਾ ਕਰ ਸਕਦਾ ਹੈ।ਉਨ੍ਹਾਂ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਤੇ ਦੇਸ਼ ਭਰ ਅੰਦਰ ਇਸਾਈ ਭਾਈਚਾਰੇ ਦੀਆਂ ਜਿਹੜੀਆਂ ਵੀ 100 ਤੋਂ ਪੁਰਾਣੀਆਂ ਚਰਚਾਂ ਜਾਂ ਇਤਿਹਾਸਕ ਇਮਾਰਤਾਂ ਹਨ ਉਨ੍ਹਾਂ ਨੂੰ ਹੈਰੀਟੇਜ ਇਮਾਰਤਾਂ ਦਾ ਦਰਜਾ ਦਿੱਤਾ ਜਾਵੇ।