ਕੁਲਦੀਪ ਸਿੰਘ
ਚੰਡੀਗੜ੍ਹ, 29 ਜੂਨ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੀ ਅਗਵਾਈ ਵਿੱਚ ਅੱਜ ਸਫ਼ਾਈ ਕਰਮਚਾਰੀ ਯੂਨੀਅਨ, ਸੀਵਰੇਜ ਐਂਪਲਾਈਜ਼ ਯੂਨੀਅਨ, ਐੱਮਸੀ ਹਾਰਟੀਕਲਚਰ ਐਂਪਲਾਈਜ਼ ਯੂਨੀਅਨ, ਐੱਮਸੀ ਰੋਡ ਵਰਕਰਜ਼ ਯੂਨੀਅਨ, ਐੱਮਸੀ ਇਲੈਕਟ੍ਰੀਕਲ ਸਟਰੀਟ ਲਾਈਟ ਐਂਪਲਾਈਜ਼ ਐਂਡ ਵਰਕਰਜ਼ ਯੂਨੀਅਨ ਅਤੇ ਪਬਲਿਕ ਹੈਲਥ ਵਿਭਾਗ ਦੇ ਮੁਲਾਜ਼ਮਾਂ ਨੇ ਜੀਪੀਐੱਸ ਘੜੀਆਂ ਦੇ ਖਿਲਾਫ਼, ਖਾਲੀ ਪਈਆਂ ਪੋਸਟਾਂ ਭਰਨ, ਡੇਲੀਵੇਜ਼ ਵਰਕਰਾਂ ਨੂੰ ਰੈਗੂਲਰ ਕਰਵਾਉਣ, ਕਰਮਚਾਰੀਆਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਦਿਵਾਉਣ ਲਈ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ। ਨਿਗਮ ਦੇ ਮੁੱਖ ਗੇਟ ’ਤੇ ਰੋਸ ਮਾਰਚ ਕਰਦੇ ਹੋਏ ਪਹੁੰਚੇ ਕਰਮਚਾਰੀਆਂ ਵੱਲੋਂ ਨਿਗਮ ਅਤੇ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਪੈਟਰਨ ਸ਼ਾਮ ਲਾਲ ਘਾਵਰੀ, ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਕੁਮਾਰ ਅਤੇ ਚੈਅਰਮੈਨ ਅਨਿਲ ਕੁਮਾਰ ਨੇ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਕਰਮਚਾਰੀਆਂ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ। ਨਗਰ ਨਿਗਮ ਦੇ ਅਧਿਕਾਰੀ ਕਰਮਚਾਰੀਆਂ ਦੇ ਮਸਲਿਆਂ ’ਤੇ ਗੈਰਸੰਜੀਦਗੀ ਵਾਲਾ ਰਵੱਈਆ ਅਪਣਾ ਰਹੇ ਹਨ। ਕਰਮਚਾਰੀ ਕਈ ਵਾਰ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਦਾ ਮੈਮੋਰੰਡਮ ਦੇ ਚੁੱਕੇ ਹਨ ਪਰ ਅਧਿਕਾਰੀ ਨਾ ਤਾਂ ਪ੍ਰਮੁੱਖ ਮੰਗਾਂ ’ਤੇ ਕੋਈ ਫੈਸਲਾ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਹੱਲ ਕੱਢਣ ਲਈ ਕੋਸ਼ਿਸ਼ ਕਰਨ ਨੂੰ ਤਿਆਰ ਹਨ। ਐਡੀਸ਼ਨਲ ਕਮਿਸ਼ਨਰ ਤਿਲਕ ਰਾਜ ਨੂੰ ਮੰਗ ਪੱਤਰ ਸੌਂਪਣ ਉਪਰੰਤ ਕਾਮਿਆਂ ਨੇ ਰੋਸ ਪ੍ਰਦਰਸ਼ਨ ਖ਼ਤਮ ਕੀਤਾ। ਆਗੂਆਂ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਸੁਰੇਸ਼ ਕੁਮਾਰ, ਕਿਸ਼ੋਰੀ ਲਾਲ, ਰਘਬੀਰ ਸਿੰਘ, ਵਿਨੋਦ ਲੋਟ, ਨਰੇਸ਼ ਕੁਮਾਰ, ਦਲਜੀਤ ਸਿੰਘ, ਦਿਲਬਾਗ ਟਾਂਕ, ਜਸਵੀਰ ਸਿੰਘ, ਵਿਕਰਮ, ਮੁਰਗੇਸ਼ਨ, ਪੀ. ਕਾਮਰਾਜ ਸ਼ਾਮਲ ਸਨ।