ਪੱਤਰ ਪ੍ਰੇਰਕ
ਭਿੱਖੀਵਿੰਡ, 19 ਅਪਰੈਲ
ਇਥੇ ਪਿੰਡ ਕਾਲੇ ਦੀ ਪੰਚਾਇਤੀ ਜ਼ਮੀਨ ’ਚੋਂ ਕੁਝ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਫਸਲ ਵੱਢ ਲਈ ਅਤੇ ਹਵਾਈ ਫਾਇਰ ਵੀ ਕੀਤੇ। ਜਾਣਕਾਰੀ ਅਨੁਸਾਰ ਪਿਛਲੀ ਲੰਮੇ ਸਮੇਂ ਤੋਂ ਪਿੰਡ ਕਾਲੇ ਦੀ ਪੰਚਾਇਤੀ ਜ਼ਮੀਨ ਜਿਸ ਉੱਪਰ ਲਖਵਿੰਦਰ ਸਿੰਘ ਦਾ ਕਬਜ਼ਾ ਸੀ ਪਰ ਤਤਕਾਲੀ ਕਾਂਗਰਸ ਸਰਕਾਰ ਨੇ ਕੋਲੋਂ ਕਬਜ਼ਾ ਛੁਡਵਾ ਲਿਆ ਸੀ। ਉਸ ਸਮੇਂ ਲਖਵਿੰਦਰ ਸਿੰਘ ਜ਼ਹਿਰੀਲੀ ਦਵਾਈ ਲੈ ਕੇ ਮਰਨ ਦੀਆਂ ਧਮਕੀਆਂ ਦਿੰਦੇ ਹੋਏ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ ਸੀ, ਪਰ ਪ੍ਰਸ਼ਾਸਨ ਨੇ ਮਾਮਲੇ ਨੂੰ ਸੁਲਝਾ ਲਿਆ ਸੀ ਅਤੇ ਜ਼ਮੀਨ ਪੰਚਾਇਤ ਕੋਲ ਆ ਗਈ। ਇਸ ’ਤੇ ਪੰਚਾਇਤ ਨੇ ਕੁਝ ਜਗ੍ਹਾ ’ਤੇ ਖੇਡ ਸਟੇਡੀਅਮ ਬਣਵਾ ਦਿੱਤਾ ਸੀ ਅਤੇ ਕੁਝ ਜ਼ਮੀਨ ਠੇਕੇ ’ਤੇ ਦੇ ਦਿੱਤੀ ਸੀ ਪਰ ਅੱਜ ਠੇਕੇ ਤੇ ਦਿੱਤੀ ਪੰਚਾਇਤੀ ਜ਼ਮੀਨ ਵਿਚੋਂ ਮੁੜ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਦਾਖਲ ਹੋ ਕੇ ਇਕ ਏਕੜ ਕਣਕ ਵੱਢ ਲਈ। ਇਸ ਮੌਕੇ ਉਨ੍ਹਾਂ ਨੂੰ ਰੋਕਣ ਆਏ ਵਿਅਕਤੀਆਂ ਨੂੰ ਡਰਾਉਣ ਲਈ ਦੋ ਹਵਾਈ ਫਾਇਰ ਵੀ ਕੀਤੇ ਅਤੇ ਤੇਜ਼ਧਾਰ ਦਾਤਰ ਨਾਲ ਵਾਰ ਵੀ ਕੀਤੇ ਜਿਸ ਨਾਲ ਗੁਰਦਿਆਲ ਸਿੰਘ ਦੇ ਹੱਥ ’ਤੇ ਮਾਮੂਲੀ ਸੱਟ ਵੀ ਲੱਗੀ। ਮੌਕੇ ’ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਐੱਸਐੱਸਓ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।