ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 26 ਜੂਨ
ਇੱਥੋਂ ਦੇ ਨਜ਼ਦੀਕੀ ਪਿੰਡ ਨੰਗਲ ਗੁਰੂ ਦੇ ਰਹਿਣ ਵਾਲੇ ਬਜ਼ੁਰਗ ਨੂੰ ਉਸ ਦੀ ਨੂੰਹ ਨੇ ਕਥਿਤ ਤੌਰ ’ਤੇ ਘਰੋਂ ਬਾਹਰ ਕੱਢ ਦਿੱਤਾ। ਇਸ ਸਬੰਧੀ ਉਹ ਆਪਣੀ ਫਰਿਆਦ ਲੈ ਕੇ ਸਥਾਨਕ ਡੀਐੱਸਪੀ ਦਫ਼ਤਰ ਪਹੁੰਚਿਆ।
ਬਜ਼ੁਰਗ ਜੋਗਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਚਾਰ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਉਸ ਕੋਲ ਖੇਤੀਬਾੜੀ ਲਈ ਜ਼ਮੀਨ ਵੀ ਸੀ ਜੋ ਉਸ ਨੇ ਦੋ ਏਕੜ ਜ਼ਮੀਨ ਆਪਣੇ ਲਈ ਰੱਖ ਕੇ ਬਾਕੀ ਬਰਾਬਰ ਆਪਣੇ ਸਾਰੇ ਪੁੱਤਰਾਂ ਵਿੱਚ ਵੰਡ ਦਿੱਤੀ ਸੀ। ਇਹ ਦੋ ਏਕੜ ਜ਼ਮੀਨ ਨੂੰ ਉਹ ਠੇਕੇ ਉੱਪਰ ਦੇ ਕੇ ਆਪਣੀ ਰੋਜ਼ੀ ਰੋਟੀ ਚਲਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਨੂੰਹ ਪਵਨਦੀਪ ਕੌਰ ਜਿਸ ਕੋਲ ਉਹ ਰਹਿੰਦਾ ਸੀ, ਨੇ ਉਸ ਨੂੰ ਕਥਿਤ ਤੌਰ ’ਤੇ ਘਰੋਂ ਕੱਢ ਦਿੱਤਾ ਹੈ ਅਤੇ ਇਸ ਵੇਲੇ ਉਹ ਆਪਣੇ ਖੇਤ ਵਿੱਚ ਟਿਊਬਵਲ ਉੱਪਰ ਰਹਿ ਰਿਹਾ ਹੈ। ਇਸ ਬੁਢਾਪੇ ਵਿੱਚ ਉਸ ਨੂੰ ਆਪਣੀ ਰੋਟੀ ਵੀ ਖੁਦ ਆਪ ਬਣਾ ਕੇ ਖਾਣੀ ਪੈਂਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਡੀਐੱਸਪੀ ਦਫਤਰ ਕਿਉਂ ਪਹੁੰਚੇ ਹਨ ਤਾਂ ਬਜ਼ੁਰਗ ਨੇ ਕਿਹਾ ਉਹ ਆਪਣੀ ਨੂੰਹ ਖਿਲਾਫ਼ ਪੇਰੈਂਟਸ ਵੈੱਲਫੇਅਰ ਐਕਟ ਤਹਿਤ ਸ਼ਿਕਾਇਤ ਕਰਨ ਲਈ ਆਇਆ ਹੈ। ਇਸ ਸਬੰਧੀ ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਨੇ ਕਿਹਾ ਇਸ ਮਾਮਲੇ ਵਿੱਚ ਉਨ੍ਹਾਂ ਨੇ ਚੌਕੀ ਇੰਚਾਰਜ ਦੀ ਡਿਊਟੀ ਲਗਾ ਦਿੱਤੀ ਹੈ ਕਿ ਉਹ ਇਸ ਬਾਰੇ ਜਾਂਚ ਕਰੇ। ਉਨ੍ਹਾਂ ਕਿਹਾ ਕਿਸੇ ਨਾਲ ਵੀ ਕੋਈ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।