ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਜੁਲਾਈ
ਫੂਡ ਸਪਲਾਈ ਦਫਤਰ ਧਾਰੀਵਾਲ ਦੇ ਨਜਦੀਕ ਪਿੰਡ ਖੁੰਡਾ ਕੋਲੋਂ ਲੰਘਦੀ ਡਰੇਨ ਦਾ ਖਸਤਾ ਹਾਲ ਪੁਲ ਮਨੁੱਖੀ ਜਾਨਾਂ ਲਈ ਖੌਅ ਬਣਿਆ ਹੋਇਆ ਹੈ, ਜੋ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦਾ ਹੈ। ਇਲਾਕਾ ਧਾਰੀਵਾਲ ਦੇ ਦਰਜਨਾਂ ਪਿੰਡਾਂ ਨੂੰ ਇਤਿਹਾਸਕ ਕਸਬੇ ਕਾਦੀਆਂ ਅਤੇ ਕਾਹਨੂੰਵਾਨ ਨੂੰ ਜੋੜਦੇ ਇਸ ਪੁਲ ਰਾਹੀਂ ਸਾਰਾ ਦਿਨ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਸ ਤੰਗ ਤੇ ਖਸਤਾ ਹਾਲਤ ਪੁਲ ਤੋਂ ਰੋਜ਼ਾਨਾ ਲੰਘਣ ਵਾਲੇ ਸਕੂਲੀ ਬੱਚਿਆਂ, ਵਾਹਨਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮੂਲੀ ਬਾਰਿਸ਼ ਹੋਣ ਨਾਲ ਪੁਲ ਉਪਰ ਪਏ ਟੋਇਆਂ ’ਚ ਖੜ੍ਹੇ ਪਾਣੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ। ਇਸ ਤੰਗ ਪੁਲ ਰਾਹੀਂ ਵੱਡੇ ਵਾਹਨ ਲੰਘਣ ਸਮੇਂ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ। ਇਲਾਕਾ ਵਾਸੀਆਂ ਜਗਤਾਰ ਸਿੰਘ ਖੁੰਡਾ, ਡਾ. ਹਰਪ੍ਰਿਤਪਾਲ ਸਿੰਘ, ਲਾਡੀ ਸੋਖੀ, ਸੀਐੱਚਟੀ ਅਸ਼ਵਨੀ ਫੱਜੂਪੁਰ, ਗੁਰਨਾਮ ਸਿੰਘ ਖੁੰਡਾ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਬਰਸਾਤੀ ਮੌਸਮ ’ਚ ਸੰਭਾਵੀ ਹੜ੍ਹਾਂ ਤੋਂ ਰੋਕਥਾਮ ਲਈ ਪਾਣੀ ਨਿਕਾਸੀ ਵਾਸਤੇ ਡਰੇਨਾਂ ਦੀ ਸਫਾਈ ਅਤੇ ਹੜ੍ਹ ਰੋਕੂ ਪ੍ਰਬੰਧਾਂ ਲਈ ਹਰ ਸਾਲ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਪਰ ਡਰੇਨਾਂ ਉਪਰ ਬਣੇ ਪੁਲਾਂ ਦੀ ਖਸਤਾ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਿੰਡ ਖੁੰਡਾ ਡਰੇਨ ’ਤੇ ਬਣਿਆ ਪੁਲ ਕਿਸੇ ਵੇਲੇ ਵੀ ਢਹਿ-ਢੇਰੀ ਹੋ ਕੇ ਕੀਮਤੀ ਮਨੁੱਖੀ ਜਾਨਾਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਲੋਕਾਂ ਦੀਆਂ ਅਜਿਹੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਬੰਧਤ ਵਿਭਾਗ ਅਤੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਡਰੇਨ ਦੇ ਖੁੰਡਾ ਪੁਲ ਦੀ ਚੌੜ੍ਹਾਈ ਵਧਾ ਕੇ ਮੁੜ ਨਵੇਂ ਸਿਰਿਓਂ ਬਣਾਇਆ ਜਾਵੇ।