ਖੇਤਰੀ ਪ੍ਰਤੀਨਿਧ
ਬਟਾਲਾ, 15 ਮਾਰਚ
ਇਥੇ ਗਰੀਨ ਐਵੇਨਿਊ ਕਲੋਨੀ ਵਿੱਚ ਦੇਰ ਰਾਤ ਇੱਕ ਚਾਰ ਸਾਲਾ ਬੱਚੇ ਨੂੰ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸਥਾਨਕ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਉਸ ਨੂੰ ਕੁੱਤੇ ਦੇ ਪੰਜੇ ਵਿੱਚੋਂ ਛੁਡਾ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਹਰਕੀਰਤ ਸਿੰਘ (4) ਪੁੱਤਰ ਵਰਿੰਦਰ ਸਿੰਘ ਵਾਸੀ ਠਠਿਆਰਾਂ ਮੁਹੱਲਾ ਸੰਗਤ ਦੇ ਨਾਲ ਬਾਬਾ ਬਾਲਕ ਨਾਥ ਝੰਡਾ ਫੇਰੀ ਦੌਰਾਨ ਗਰੀਨ ਐਵੇਨਿਊ ਕਲੋਨੀ ਵਿੱਚ ਹੋ ਰਹੇ ਕੀਰਤਨ ਵਿੱਚ ਸ਼ਾਮਿਲ ਹੋਣ ਆਇਆ ਸੀ ਅਤੇ ਇਸੇ ਦੌਰਾਨ ਉਹ ਆਪਣੀ ਮਾਂ ਨਾਲ ਬਾਹਰ ਪਿਸ਼ਾਬ ਕਰਨ ਲਈ ਆਇਆ ਸੀ ਕਿ ਇੱਕ ਪਿਟਬੁੱਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿਤਾ। ਹਰਕੀਰਤ ਦੀ ਮਾਂ ਵੱਲੋਂ ਰੌਲਾ ਪਾਉਣ ’ਤੇ ਕੀਰਤਨ ਵਿੱਚ ਸ਼ਾਮਿਲ ਲੋਕਾਂ ਨੇ ਉਸ ਨੂੰ ਕੁੱਤੇ ਕੋਲੋਂ ਬਚਾਇਆ ਅਤੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਦੇ ਐਸਆਈ ਸਰਵਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਦੇ ਮਾਪਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕੁੱਤੇ ਦੇ ਮਾਲਕ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।