ਐੱਨਪੀ. ਧਵਨ
ਪਠਾਨਕੋਟ, 12 ਮਈ
ਨੌਕਰੀ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਕੋਲ ਸਥਿੱਤ 120 ਫੁੱਟ ਉੱਚੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੀ ਮੰਗ ਮਨਾਉਣ ਲਈ ਮੋਬਾਈਲ ਟਾਵਰ ਉੱਤੇ ਚੜ੍ਹੇ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਮੈਂਬਰ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ 56 ਘੰਟੇ ਬਾਅਦ ਥੱਲੇ ਉਤਰ ਆਏ ਹਨ ਅਤੇ ਪ੍ਰਸ਼ਾਸਨ ਨੇ ਰਾਹਤ ਮਹਿਸੂਸ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸੁਜਾਨਪੁਰ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਅੱਜ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵੀ ਸੰਘਰਸ਼ੀਆਂ ਦੀ ਫੋਨ ’ਤੇ ਗੱਲ ਕਰਵਾਈ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਅਤੇ ਫਿਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਟਾਵਰ ਉਪਰ ਚੜ੍ਹੇ ਦੋਨੋਂ ਬਜ਼ੁਰਗਾਂ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ। ਦੋਹਾਂ ਦੇ ਹੇਠਾਂ ਉਤਰਨ ਉਪਰੰਤ ਉਨ੍ਹਾਂ ਨੂੰ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਜੂਸ ਪਿਲਾਇਆ। ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਪ੍ਰਧਾਨ ਦਿਆਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ 14 ਅਗਸਤ ਤੱਕ ਉਨ੍ਹਾਂ ਨੂੰ ਆਊਸਟੀ ਕੋਟੇ ਵਿੱਚੋਂ ਸ਼ਾਹਪੁਰਕੰਡੀ ਡੈਮ ਤੇ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਫਿਰ 15 ਅਗਸਤ ਤੋਂ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਦੀ ਕੋਠੀ ਮੂਹਰੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।