ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਨਵੰਬਰ
ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਲਕੇ ਦੀਆਂ ਦੋ ਸੰਪਰਕ ਸੜਕਾਂ ਬਣਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਜੰਡਿਆਲਾ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੀਆਂ ਸੜਕਾਂ ਨੂੰ ਚੌੜੀਆਂ ਕਰਨ ਦਾ ਹੁਕਮ ਕੀਤਾ ਗਿਆ ਹੈ। ਜਿਸ ਤਹਿਤ ਹਲਕੇ ਦੇ ਪਿੰਡਾਂ ਨੂੰ ਜਾਂਦੀਆਂ ਸੰਪਰਕ ਸੜਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਸ ਨਾਲ ਕਈ ਸੜਕਾਂ ਚੌੜੀਆਂ ਹੋ ਜਾਣਗੀਆਂ। ਉਨਾਂ ਕਿਹਾ ਕਿ ਜੰਡਿਆਲਾ ਹਲਕਾ ਕਈ ਰਾਸ਼ਟਰੀ ਮਾਰਗਾਂ ਨਾਲ ਜੁੜਿਆ ਹੋਇਆ ਹੈ ਅਤੇ ਛੇਤੀ ਹੀ ਇਥੋਂ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਬਣ ਜਾਵੇਗਾ, ਜਿਸ ਲਈ ਜ਼ਮੀਨ ਐਕਵਾਈਰ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ਕਿਸੇ ਵੀ ਇਲਾਕੇ ਦੀ ਬਿਹਤਰੀ ਅਤੇ ਵਿਕਾਸ ਲਈ ਮੁੱਢਲੀ ਲੋੜ ਹੈ, ਜਿਸਨੂੰ ਸਮਝਦੇ ਹੋਏ ਸਰਕਾਰ ਵੱਲੋਂ ਇਹ ਕੰਮ ਪ੍ਰਮੁੱਖਤਾ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ। ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਗੁਰਦੁਆਰਾ ਝੰਗੀ ਸਾਹਿਬ ਵਾਲੀ ਸੜਕ ਤੋਂ ਲਿੰਕ ਰੋਡ ਜੰਡਿਆਲਾ ਗੁਰੂ ਪੱਖੋਕੇ ਅਤੇ ਤਰਨ ਤਾਰਨ-ਪੱਖੋਕੇ ਸੜਕ ਤੋਂ ਕਾਲੋਨੀ ਜਾਣੀਆਂ ਤੱਕ ਬਣਨ ਵਾਲੀਆਂ ਸੰਪਰਕ ਸੜਕਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤਰਸੇਮ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਹਾਜ਼ਰ ਸਨ।