ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 12 ਅਕਤੂਬਰ
ਪਿੰਡ ਮੱਲੂਨੰਗਲ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਬਰਾਂਚ ਪ੍ਰਧਾਨ ਜਸਪਾਲ ਸਿੰਘ ਮੱਲੂਨੰਗਲ ਦੀ ਅਗਵਾਈ ਹੇਠ ਇਕੱਤਰ ਹੋਏ ਖੇਤ ਮਜ਼ਦੂਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋਂ ਮਜ਼ਦੂਰ ਜਥੇਬੰਦੀਆਂ ਐੱਸਡੀਐੱਮ, ਐੱਮਐੱਲਏਜ਼ ਤੇ ਡਿਪਟੀ ਕਮਿਸ਼ਨਰਾਂ ਰਾਹੀ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਨਾਲ ਮੀਟਿੰਗ ਲਈ ਸਮਾਂ ਮੰਗ ਰਹੀਆਂ ਹਨ ਪਰੰਤੂ ਮੁੱਖ ਮੰਤਰੀ ਦਾ ਮਜ਼ਦੂਰਾਂ ਪ੍ਰਤੀ ਰਵੱਈਆ ਆਮ ਆਦਮੀ ਪਾਰਟੀ ਦੇ ਅਸਲ ਕਿਰਦਾਰ ਨੂੰ ਉਭਾਰਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਸੰਗਰੂਰ ਵਿੱਚ ਤਿੰਨ ਦਿਨਾ ਧਰਨੇ ਦੇ ਐਲਾਨ ਤੋਂ ਬਾਅਦ ਦਫਾ 144 ਲਾਉਣਾ ਇਸ ਕਿਰਦਾਰ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਨੇ ਧਾਰਾ 144 ਤੋੜਨ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਿੰਨ ਦਿਨਾ ਧਰਨਾ ਜਾਰੀ ਰੱਖਿਆ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਹੋਣ ਦੇ ਭਰੋਸੇ ’ਤੇ ਧਰਨਾ ਚੁੱਕਿਆ ਗਿਆ। ਆਗੂਆਂ ਅਨੁਸਾਰ ਮੁੱਖ ਮੰਤਰੀ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਮੀਟਿੰਗ ਕਰਨ ਨੂੰ ਤਿਆਰ ਨਹੀਂ ਹਨ ਜਿਸ ਦੇ ਵਿਰੋਧ ’ਚ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਜਾ ਰਹੇ ਹਨ।
ਪਿੰਡ ਕਾਲਵਣਜਾਰਾ ’ਚ ਭਗਵੰਤ ਮਾਨ ਦੇ ਵਿਰੋਧ ਦੀ ਚਿਤਾਵਨੀ
ਫਿਲੌਰ (ਸਰਬਜੀਤ ਗਿੱਲ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਹਿਸ਼ੁਦਾ ਮੀਟਿੰਗ ਰੱਦ ਕਰਨ ਦੇ ਵਿਰੋਧ ਵਿੱਚ ਅੱਜ ਇਥੇ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਰੰਧਾਵਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਨਣ ਸਿੰਘ, ਖੇਤ ਮਜ਼ਦੂਰ ਸਭਾ ਦੇ ਆਗੂ ਰਛਪਾਲ ਕੈਲੇ ਤੇ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ 18 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਕਾਲਵਣਜਾਰਾ ਵਿੱਚ ਉਦਘਾਟਨੀ ਸਮਾਗਮ ਮੌਕੇ ਮੁੱਖ ਮੰਤਰੀ ਦੇ ਪਹੁੰਚਣ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ 12 ਸਤੰਬਰ ਨੂੰ ਲਾਏ ਤਿੰਨ ਰੋਜ਼ਾ ਮੋਰਚੇ ਸਮੇਂ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ 3 ਅਕਤੂਬਰ ਦੀ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਬਦਲਵੀਂ ਤਰੀਕ ਦਿੱਤੇ ਬਿਨਾਂ ਹੀ ਰੱਦ ਕਰ ਦਿੱਤਾ ਗਿਆ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦਰਸ਼ਨ ਪਾਲ ਬੰਡਾਲਾ, ਸੋਨੀ ਪੁਆਰੀ, ਤਰਸੇਮ ਪੁਆਰੀ, ਖੇਤ ਮਜ਼ਦੂਰ ਸਭਾ ਦੇ ਆਗੂ ਰਛਪਾਲ ਕੈਲੇ, ਸੋਢੀ ਰਾਮ ਕਤਪਾਲੋਂ, ਮੇਜਰ ਫਿਲੌਰ ਤੇ ਮੱਖਣ ਸੰਗਰਾਮੀ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਕੀਤੀਆਂ ਮੀਟਿੰਗਾਂ ’ਚ ਅਹਿਮ ਮੰਗਾਂ ਮੰਨੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਨਾਂ ਮੰਗਾਂ ਨੂੰ ਲਾਗੂ ਕਰਨਾ ਤਾਂ ਦੂਰ, ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ ਦੀ ਬਜਾਏ ਉਲਟਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦੇ ਅੰਦੋਲਨ ਸਮੇਂ ਬਣੇ ਕੇਸ ’ਚ ਇੱਕ ਮਜ਼ਦੂਰ ਆਗੂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਆਪਣੇ ਮਜ਼ਦੂਰ ਦੋਖੀ ਕਿਰਦਾਰ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ।