ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 14 ਅਕਤੂਬਰ
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਕਿਸਾਨ ਆਗੂ ਭੁਪਿੰਦਰ ਸਿੰਘ ਮੁੱਛਲ ਨੇ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਦਾ ਸਰਕਾਰੀ ਮੁੱਲ 2060 ਰੁਪਏ ਹੈ ਪਰ ਕਿਸਾਨਾਂ ਨੂੰ 1900 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਹੋ ਰਹੀ ਹੈ। ਇਸ ਬਾਰੇ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਮਾਮਲੇ ਬਾਰੇ ਕਾਰਵਾਈ ਸਬੰਧੀ ਉਹ ਸਪੱਸ਼ਟ ਜਵਾਬ ਨਾ ਦੇ ਸਕੇ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਫੂਡ ਸਪਲਾਈ ਸੈਂਟਰ ਵਿੱਚ ਬੀਤੇ ਸਾਲ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ 20 ਕਰੋੜ ਦਾ ਘਪਲਾ ਕਰਕੇ ਵਿਦੇਸ਼ ਫ਼ਰਾਰ ਹੋ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਵੀ ਵਿਜੀਲੈਂਸ ਕੋਲ ਪੈਂਡਿੰਗ ਪਈ ਹੈ। ਇਸ ਦੇ ਜਵਾਬ ਵਿੱਚ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਫੂਡ ਸਪਲਾਈ ਵਿਭਾਗ ਦਾ ਚਾਰਜ ਸੰਭਾਲਿਆ ਹੈ, ਹੁਣ ਤੱਕ 19 ਭ੍ਰਿਸ਼ਟਾਚਾਰੀ ਅਫ਼ਸਰਾਂ ’ਤੇ ਪਰਚੇ ਦਰਜ ਕਰਵਾ ਚੁੱਕੇ ਹਨ।
ਝੋਨੇ ਦੀ ਸਰਕਾਰੀ ਖਰੀਦ ਲਈ ਅੰਮ੍ਰਿਤਸਰ ਜ਼ਿਲ੍ਹੇ ’ਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜੰਡਿਆਲਾ ਗੁਰੂ ਦਾਣਾ ਮੰਡੀ ਦਾ ਦੌਰਾ ਕਰਨ ਮਗਰੋਂ ਖਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਸ੍ਰੀ ਕਟਾਰੂਚੱਕ ਨੇ ਦਾਅਵਾ ਕੀਤਾ ਕਿ ਇਸ ਵਾਰ ਝੋਨੇ ਦੀ ਅਦਾਇਗੀ ਦਿਨਾਂ ਵਿੱਚ ਨਹੀਂ ਬਲਕਿ ਕੁਝ ਘੰਟਿਆਂ ਵਿੱਚ ਹੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 1943 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਪਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਹੁਣ ਤੱਕ 18.5 ਮੀਟਿਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਹੈ ਜਿਸ ਵਿਚੋਂ 17.5 ਮੀਟਿਰਕ ਟਨ ਦੀ ਖਰੀਦ ਅਤੇ 7.5 ਮੀਟਿਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਵਾਰ ਨਵੀਂ ਪਾਲਸੀ ਲਿਆ ਰਹੀ ਹੈ ਜਿਸ ਤਹਿਤ ਸ਼ੈੱਲਰ ਦੀ ਸਮਰੱਥਾ ਅਨੁਸਾਰ ਸਰਕਾਰ ਝੋਨਾ ਦਿਵਾਏਗੀ।
ਸ੍ਰੀ ਕਟਾਰੂਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਚੰਗੀ ਤਰ੍ਹਾਂ ਪੱਕੀ ਫ਼ਸਲ ਦੀ ਹੀ ਵਾਢੀ ਕੀਤੀ ਜਾਵੇ ਤਾਂ ਜੋ ਇਸ ’ਚ ਨਮੀਂ ਦੀ ਮਾਤਰਾ ਜ਼ਿਆਦਾ ਨਾ ਹੋਵੇ ਤੇ ਖਰੀਦ ਏਜੰਸੀਆਂ ਵੱਲੋਂ ਇਸ ਨੂੰ ਬਿਨਾਂ ਕਿਸੇ ਦੇਰੀ ਤੋਂ ਖਰੀਦਿਆ ਜਾ ਸਕੇ। ਉਨ੍ਹਾਂ ਦੱਸਿਆ ਉਹ ਪੰਜਾਬ ਭਰ ਵਿੱਚ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਅੰਮ੍ਰਿਤਸਰ 19ਵਾਂ ਜ਼ਿਲ੍ਹਾ ਹੈ ਜਿਥੇ ਉਨ੍ਹਾਂ ਵੱਲੋਂ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਗਈ ਹੈ।
ਰਈਆ (ਦਵਿੰਦਰ ਸਿੰਘ ਭੰਗੂ): ਅੱਜ ਇੱਥੇ ਸਥਾਨਕ ਦਾਣਾ ਮੰਡੀ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਖ਼ਰੀਦਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡੀਐੱਫਸੀ ਸ੍ਰੀਮਤੀ ਸੰਜੋਗਤਾ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਖ਼ਰੀਦ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਤਰਨ ਤਾਰਨ (ਗੁਰਬਖ਼ਸ਼ਪੁਰੀ) : ਸ੍ਰੀ ਕਟਾਰੂਚੱਕ ਵਲੋਂ ਅੱਜ ਇਥੋਂ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ ਗਈ| ਇਸ ਮੌਕੇ ਕਿਸਾਨਾਂ ਨੇ ਮੰਤਰੀ ਨੂੰ ਆਨਲਾਈਨ ਪਾਸ ਲੈਣ ਵਿੱਚ ਆ ਰਹੀ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ। ਮੰਤਰੀ ਨੇ ਕਿਸਾਨਾਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਮੰਤਰੀ ਨੇ ਦੱਸਿਆ ਕਿ ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਹੁਣ ਤਕ 3,71,952 ਟਨ ਝੋਨੇ ਦੀ ਖਰੀਦ ਕਰਕੇ 1,71,657 ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ| ਉਨ੍ਹਾਂ ਦੱਸਿਆ ਕਿ 386 ਕਰੋੜ ਰੁਪਏ ਦਾ ਭੁਗਤਾਨ ਕਿਸਾਨਾਂ ਦੇ ਖਾਤਿਆਂ ਵਿੱਚ ਆਨਲਾਈਨ ਕੀਤਾ ਗਿਆ ਹੈ|
ਪਰਾਲੀ ਸਾੜਨ ਵਾਲੇ ਕਿਸਾਨਾਂ ਬਾਰੇ ‘ਰੈੱਡ ਐਂਟਰੀ’ ਤੋਂ ਇਨਕਾਰ ਕੀਤਾ
ਗੁਰਦਾਸਪੁਰ (ਕੇ.ਪੀ ਸਿੰਘ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਛੇ ਕਿਸਾਨਾਂ ਵਿੱਚੋਂ ਹਰੇਕ ਦੇ ਮਾਲ ਰਿਕਾਰਡ ਵਿੱਚ ‘ਰੈੱਡ ਐਂਟਰੀ’ ਦਰਜ ਕੀਤੇ ਜਾਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਮੰਤਰੀ ਦੇ ਇਸ ਬਿਆਨ ਮਗਰੋਂ ਯੂ-ਟਰਨ ਲੈਂਦਿਆਂ ਮੰਤਰੀ ਦੀ ਤਰਜ਼ ’ਤੇ ਲਾਲ ਐਂਟਰੀ ਨਾ ਕੀਤੇ ਜਾਣ ਦੀ ਬਜਾਏ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਜਨਰਲ ਐਂਟਰੀ ਦੀ ਗੱਲ ਕਹੀ ਹੈ। ਬੀਤੇ ਕੱਲ੍ਹ ਇਨ੍ਹਾਂ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰੀ ਕੀਤੇ ਜਾਣ ਦੀ ਗੱਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਕਿਸਾਨਾਂ ਦਰਮਿਆਨ ਤਿੱਖੀ ਬਹਿਸ ਵੀ ਹੋਈ ਸੀ। ਦਾਣਾ ਮੰਡੀ, ਗੁਰਦਾਸਪੁਰ ਵਿੱਚ ਝੋਨੇ ਦੀ ਖ਼ਰੀਦ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਕਟਾਰੂਚੱਕ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਕਿਸੇ ਤਰ੍ਹਾਂ ਦੀ ਲਾਲ ਐਂਟਰੀ ਕਰਨ ਦਾ ਪੰਜਾਬ ਸਰਕਾਰ ਦਾ ਕੋਈ ਏਜੰਡਾ ਨਹੀਂ ਹੈ।ਉਨ੍ਹਾਂ ਨੇ ਖ਼ਰੀਦ ਪ੍ਰਬੰਧਾਂ ’ਤੇ ਤਸੱਲੀ ਜਾਹਿਰ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚੋਂ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਤੇ ਤੋਲ ’ਤੇ ਖਰੀਦਿਆ ਜਾ ਰਿਹਾ ਹੈ।