ਐਨਪੀ.ਧਵਨ
ਪਠਾਨਕੋਟ, 31 ਮਈ
ਨਗਰ ਨਿਗਮ ਪ੍ਰਸ਼ਾਸਨ ਵਲੋਂ ਸਥਾਨਕ ਏਪੀਕੇ ਰੋਡ ’ਤੇ ਨੇਚਰ ਪਾਰਕ ਕੋਲ ਸ਼ੁਰੂ ਕੀਤੇ ਪ੍ਰਵੇਸ਼ ਦੁਆਰ (ਐਂਟਰੀ ਗੇਟ) ਦੇ ਉਸਾਰੀ ਕਾਰਜ ਦਾ ਭਾਜਪਾ ਦੇ ਸਾਬਕਾ ਵਿਧਾਇਕ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਵਿਰੋਧ ਕਰਨ ’ਤੇ ਇਹ ਮਾਮਲਾ ਸੁਆਲਾਂ ਦੇ ਘੇਰੇ ਵਿੱਚ ਆ ਗਿਆ ਹੈ ਅਤੇ ਪਠਾਨਕੋਟ ਦੇ ਲੋਕਾਂ ਅੰਦਰ ਇਹ ਚਰਚਾ ਦਾ ਵਿਸ਼ਾ ਬਣ ਗਿਆ। ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਜਿਥੇ ਨਗਰ ਸੁਧਾਰ ਟਰੱਸਟ ਨੇ ਸੜਕ ਵਿਚਕਾਰ ਡਿਵਾਈਡਰ ਬਣਵਾਇਆ ਸੀ, ਉਸ ਜਗ੍ਹਾ ’ਤੇ 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਂਟਰੀ ਗੇਟ ਦਾ ਉਸਾਰੀ ਕਾਰਜ ਸ਼ੁਰੂ ਕਰਵਾ ਦਿੱਤਾ ਹੈ ਤੇ ਇਸ ਦੀ ਸ਼ੁਰੂਆਤ ਵਿੱਚ ਪਹਿਲਾਂ ਗੇਟ ਦੇ ਪਿੱਲਰ ਬਣਾਉਣੇ ਸ਼ੁਰੂ ਕੀਤੇ ਹਨ। ਇਸ ਸਬੰਧੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇਹ ਗੇਟ ਜਿਥੇ ਉਸਾਰਨਾ ਸ਼ੁਰੂ ਕੀਤਾ ਗਿਆ ਹੈ, ਇਹ ਜਗ੍ਹਾ ਸ਼ਹਿਰ ਦਾ ਮੁੱਖ ਦੁਆਰ ਨਹੀਂ ਬਣਦੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿੱਚ ਪਠਾਨਕੋਟ ਸ਼ਹਿਰ ਦਾ ਮੁੱਖ ਦੁਆਰ ਤਾਂ ਪਠਾਨਕੋਟ-ਜਲੰਧਰ ਮਾਰਗ ’ਤੇ ਬਣਿਆ ਚੱਕੀ ਪੁਲ ਬਣਦਾ ਹੈ ਤੇ ਉਥੇ ਪਹਿਲਾਂ ਹੀ ਇੱਕ ਗੇਟ ਉਸਰਿਆ ਹੋਇਆ ਹੈ। ਜੇਕਰ ਨਿਗਮ ਨੇ ਗੇਟ ਬਣਾਉਣਾ ਹੀ ਸੀ ਤਾਂ ਉਸੇ ਹੀ ਗੇਟ ਦਾ ਹੋਰ ਸੁੰਦਰੀਕਰਨ ਕਰ ਦਿੱਤਾ ਜਾਂਦਾ।
ਗੇਟ ਦਾ ਵਿਰੋਧ ਬੇਮਾਅਨੇ: ਐੱਸਡੀਓ
ਨਗਰ ਨਿਗਮ ਦੇ ਐੱਸਡੀਓ ਪਰਮਜੋਤ ਸਿੰਘ ਦਾ ਕਹਿਣਾ ਸੀ ਕਿ ਇਸ ਵੇਲੇ ਐਂਟਰੀ ਗੇਟ ਦਾ ਵਿਰੋਧ ਕਰਨਾ ਬੇਮਾਅਨੇ ਹੈ ਕਿਉਂਕਿ ਇਸ ਦੇ ਐਸਟੀਮੇਟ ਬਣਨ ਬਾਅਦ ਟੈਂਡਰ ਲੱਗ ਕੇ ਨਿਰਮਾਣ ਕਾਰਜ ਵੀ ਸ਼ੁਰੂ ਹੋ ਚੁੱਕਾ ਹੈ। ਜੇਕਰ ਕਿਸੇ ਨੇ ਵਿਰੋਧ ਕਰਨਾ ਸੀ ਤਾਂ ਪਹਿਲਾਂ ਕੀਤਾ ਜਾਂਦਾ।
ਡਿਜ਼ਾਈਨ ਲੋਕਲ ਬਾਡੀਜ਼ ਵਿਭਾਗ ਵੱਲੋਂ ਮਨਜ਼ੂਰ ਹੋਇਆ: ਡੀਸੀ
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦਾ ਕਹਿਣਾ ਸੀ ਕਿ ਐਂਟਰੀ ਗੇਟ ਦੇ ਕਈ ਪੁਆਇੰਟ ਹੋ ਸਕਦੇ ਹਨ ਪਰ ਨਗਰ ਨਿਗਮ ਨੇ ਉਸ ਜਗ੍ਹਾ ਦੀ ਚੋਣ ਕੀਤੀ ਜਿਥੇ ਡਿਵਾਈਡਰ ਕੋਲ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਜਗ੍ਹਾ ਗੇਟ ਬਣਾਉਣ ਦਾ ਡਿਜ਼ਾਈਨ ਅਤੇ ਐਸਟੀਮੇਟ ਬਕਾਇਦਾ ਲੋਕਲ ਬਾਡੀਜ਼ ਵਿਭਾਗ ਦੇ ਮੁੱਖ ਇੰਜਨੀਅਰ ਚੰਡੀਗੜ੍ਹ ਨੇ ਮਨਜ਼ੂਰ ਕੀਤਾ ਹੈ।