ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਜੂਨ
ਸ਼ਹਿਰ ਵਿੱਚੋਂ ਲੰਘਦੇ ਮੁੱਖ ਜੀਟੀ ਰੋਡ ਉੱਪਰ ਮੁਹੱਲਾ ਨਵੀਂ ਆਬਾਦੀ ਵਾਰਡ ਨੰਬਰ 9 ਕੋਲ ਪਏ ਡੂੰਘੇ ਟੋਏ ਛੱਪੜ ਦਾ ਰੂਪ ਧਾਰਨ ਕਰ ਚੁੱਕੇ ਹਨ। ਇੱਥੋਂ ਦੀ ਰੋਜ਼ਾਨਾਂ ਹੀ ਬੱਸਾਂ, ਟਰੱਕਾਂ, ਕਾਰਾਂ, ਦੋ ਪਹੀਆ ਵਾਹਨਾਂ ਅਤੇ ਆਮ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ ਪਰ ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੇ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ।
ਨਵੀਂ ਆਬਾਦੀ (ਵਾਰਡ ਨੰਬਰ 9) ਦੀ ਕੌਂਸਲਰ ਸੰਤੋਸ਼ ਕੌਰ ਤੇ ਉਸ ਦੇ ਪਤੀ ਯੂਥ ਆਗੂ ਕਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇੱਥੇ ਜੀਟੀ ਰੋਡ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਸੜਕ ਉੱਪਰ ਡੂੰਘੇ ਖੱਡੇ ਪੈ ਗਏ ਹਨ, ਜੋ ਆਏ ਦਿਨ ਨਿੱਕੇ ਮੋਟੇ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਇੱਥੇ ਜੀ.ਟੀ ਰੋਡ ਦੇ ਇਕ ਪਾਸੇ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਹੈ ਅਤੇ ਦੂਜੇ ਪਾਸੇ ਐਕਸਿਸ ਬੈਂਕ ਹੈ। ਇੱਥੋਂ ਹੀ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਨੂੰ ਜਾਂਦੀ ਸੜਕ ’ਤੇ ਗੁਰੂ ਅਰਜਨ ਦੇਵ ਜੀ ਯਾਦਗਾਰੀ ਗੇਟ ਬਣਿਆ ਹੋਇਆ ਹੈ। ਇੱਥੇ ਵੱਡੇ ਟੋਇਆਂ ਕਾਰਨ ਗੁਰਦੁਆਰੇ ਜਾਣ ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਉੱਕਤ ਬੈਂਕਾਂ ਵਿੱਚ ਜ਼ਰੂਰੀ ਕੰਮਾਂ ਲਈ ਆਉਣ ਵਾਲੇ ਬਜ਼ੁਰਗਾਂ ਤੇ ਹੋਰਨਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ।
ਅੰਮ੍ਰਿਤਸਰ-ਪਠਾਨਕੋਟ-ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਬੱਸਾਂ ਵੀ ਇਸੇ ਜੀਟੀ ਰੋਡ ਰਾਹੀਂ ਸ਼ਹਿਰ ਵਿੱਚੋਂ ਲੰਘਦੀਆਂ ਹਨ। ਰੋਡ ਉੱਪਰ ਪਏ ਡੂੰਘੇ ਟੋਏ ਅਤੇ ਖੜ੍ਹਾ ਗੰਦਾ ਪਾਣੀ ਇੱਥੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਅਤੇ ਮੁਹੱਲਾ ਨਵੀਂ ਅਬਾਦੀ ਦੇ ਵਾਸੀਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ ਅਤੇ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਕੌਂਸਲਰ ਸੰਤੋਸ਼ ਕੌਰ, ਉਸ ਦੇ ਪਤੀ ਯੂਥ ਆਗੂ ਕਰਨੈਲ ਸਿੰਘ ਅਤੇ ਨੇੜਲੇ ਦੁਕਾਨਦਾਰਾਂ ਸ਼ਮਸੇਰ ਸਿੰਘ ਬਾਜਵਾ, ਰਵੀ ਜੰਬਾ, ਸਤਿਗੁਰੂ ਕਬੀਰ ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਫੱਜੂਪਰ ਆਦਿ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਬੰਧਿਤ ਵਿਭਾਗ ਅਤੇ ਸਰਕਾਰ ਕੋਲੋਂ ਮੰਗ ਹੈ ਕਿ ਜੀਟੀ ਰੋਡ ਉੱਪਰ ਡੂੰਘੇ ਟੋਏ ਪੂਰ ਕੇ ਸੜਕ ’ਤੇ ਪ੍ਰੀਮਿਕਸ ਪਾਇਆ ਜਾਵੇ।