ਪੱਤਰ ਪ੍ਰੇਰਕ
ਪਠਾਨਕੋਟ, 1 ਅਕਤੂਬਰ
ਇੱਕ ਪਾਸੇ ਕਰੋਨਾ ਦਾ ਜ਼ਿਲ੍ਹੇ ਵਿੱਚ ਕਹਿਰ ਜਾਰੀ ਹੈ। ਦੂਸਰੇ ਪਾਸੇ ਹੁਣ ਸ਼ਹਿਰ ਵਿੱਚ ਡੇਂਗੂ ਦੇ 2 ਮਾਮਲੇ ਸਾਹਮਣੇ ਆ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਮੁਹੱਲਾ ਛੋਟਾ ਦੌਲਤਪੁਰ ਨਾਲ ਸਬੰਧਤ ਹੈ। ਇਸ ਵਿਅਕਤੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਜਦ ਕਿ ਸੁੰਦਰ ਨਗਰ ਦੀ ਔਰਤ ਵੀ ਡੇਂਗੂ ਨਾਲ ਪੀੜਤ ਪਾਈ ਗਈ ਹੈ। ਡੇਂਗੂ ਪੀੜਤ ਮਰੀਜ਼ ਮਿਲਣ ਬਾਅਦ ਸਿਵਲ ਹਸਪਤਾਲ ਡਾ. ਜੁਗਲ ਕਿਸ਼ੋਰ ਅਤੇ ਨੋਡਲ ਅਫਸਰ ਡਾ. ਨਿਸ਼ਾ ਜੋਤੀ ਦੇ ਦਿਸ਼ਾ ਨਿਰਦੇਸ਼ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਮੁਹੱਲਾ ਛੋਟਾ ਦੌਲਤਪੁਰ ਵਿੱਚ ਪੀੜਤ ਵਿਅਕਤੀ ਦੇ ਆਸ-ਪਾਸ ਡੇਂਗੂ ਦੀ ਸਥਿਤੀ ਨੂੰ ਜਾਨਣ ਲਈ ਲਗਪਗ 38 ਘਰਾਂ ਦਾ ਸਰਵੇ ਕੀਤਾ ਅਤੇ ਕੀਟਨਾਸ਼ਕ ਸਪਰੇਅ ਵੀ ਕਰਵਾਈ ਗਈ। ਟੀਮ ਦੀ ਅਗਵਾਈ ਕਰ ਰਹੇ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਰਾਜ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਰਵੇ ਦੌਰਾਨ ਇੱਕ ਘਰ ਵਿੱਚੋਂ ਮੱਛਰ ਦਾ ਲਾਰਵਾ ਮਿਲਿਆ। ਟੀਮ ਨੇ ਮੌਕੇ ’ਤੇ ਹੀ ਉਸ ਨੂੰ ਨਸ਼ਟ ਕਰ ਦਿੱਤਾ। ਇਸ ਦੌਰਾਨ ਟੀਮ ਨੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ।