ਰਾਜਨ ਮਾਨ
ਰਮਦਾਸ, 20 ਮਈ
ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀਆਂ ਵੋਟਾਂ ਪੈਣ ਨੂੰ ਮਹਿਜ ਦਸ ਦਿਨ ਬਾਕੀ ਬਚੇ ਹਨ ਅਤੇ ਜਿੱਥੇ ਵੱਧ ਰਹੀ ਗਰਮੀ ਤੇ ਜਿੱਤ ਹਾਰ ਦੀ ਸੋਚ ਨੇ ਲੀਡਰਾਂ ਦੇ ਹੋਸ਼ ਉੱਡਾਏ ਹਨ, ਉਥੇ ਵੋਟਰ ਅਜੇ ਤੱਕ ਖਾਮੋਸ਼ ਬੈਠਾ ਹੈ। ਜਿੱਤਣ ਤੋਂ ਬਾਅਦ ਜਿਵੇਂ ਲੀਡਰ ਲੋਕਾਂ ਦੀਆਂ ਮੰਗਾਂ ਸਬੰਧੀ ਖਾਮੋਸ਼ ਹੋ ਜਾਂਦੇ ਹਨ ਉਸੇ ਤਰ੍ਹਾਂ ਹੁਣ ਵੋਟਰ ਵੀ ਵੋਟਾਂ ਸਮੇਂ ਲੀਡਰਾਂ ਦੀਆਂ ਦਲੀਲਾਂ ਅਪੀਲਾਂ ਸੁਣ ਕੇ ਖਾਮੋਸ਼ ਬੈਠਾ ਹੈ। ਲੋਕ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇ ਰਹੇ। ਲੋਕਾਂ ਵਲੋਂ ਹਰ ਉਮੀਦਵਾਰ ਨੂੰ ਤੁਹਾਡੇ ਨਾਲ ਹਾਂ ਦਾ ਲੌਲੀ ਪੌਪ ਦਿੱਤਾ ਜਾ ਰਿਹਾ ਹੈ। ਕਹਿਰ ਦੀ ਗਰਮੀ ਵਿੱਚ ਉਮੀਦਵਾਰ ਲੋਕਾਂ ਦੇ ਦਰਾਂ ਤੇ ਜਾ ਕੇ ਵੋਟਾਂ ਮੰਗ ਰਹੇ ਹਨ। ਸਰਹੱਦੀ ਪਿੰਡ ਲੋਪੋਕੇ ਦੀ ਅਮਰਜੀਤ ਕੌਰ ਔਲਖ ਨੇ ਕਿਹਾ ਕਿ ਵੋਟਾਂ ਵਾਲੇ ਤਾਂ ਚੌਥੇ ਦਿਨ ਤੁਰੇ ਰਹਿੰਦੇ ਹਨ ਅੱਜ ਤੱਕ ਇਨ੍ਹਾਂ ਨੇ ਲੋਕਾਂ ਦਾ ਕੁਝ ਸਵਾਰਿਆ ਤਾਂ ਨਹੀਂ ਹੈ ਇਸ ਲਈ ਇਹਨਾਂ ਨੂੰ ਅਸੀਂ ਵੀ ਜ਼ਿਆਦਾ ਸੰਜੀਦਗੀ ਨਾਲ ਨਹੀਂ ਲੈ ਰਹੇ। ਉਨ੍ਹਾਂ ਕਿਹਾ ਪਹਿਲਿਆਂ ਨੇ ਕੀ ਕਰ ਦਿੱਤਾ ਜੋ ਇਹਨਾਂ ਨੇ ਹੁਣ ਕਰ ਦੇਣਾ ਹੈ। ਉਨ੍ਹਾਂ ਕਿਹਾ ਵਕਤ ਆਉਣ ’ਤੇ ਵੇਖਾਂਗੇ ਕਿਹੜਾ ਬਟਨ ਦਬਾਉਣਾ ਹੈ।
ਪਿੰਡ ਮਾਹਲ ਦੇ ਸ੍ਰੀ ਗੁਰਦੇਵ ਸਿੰਘ ਮਾਹਲ ਨੇ ਕਿਹਾ ਕਿ ਵਕਤ ਦੇ ਨਾਲ ਲੋਕ ਸਿਆਣੇ ਹੋ ਚੁੱਕੇ ਹਨ। ਪਹਿਲਾਂ ਇਹ ਲੋਕ ਇਹਨਾਂ ਲੀਡਰਾਂ ਦੀਆਂ ਝੰਡੀਆਂ ਬਨੇਰਿਆਂ ਤੇ ਲਾਉਂਦੇ ਸਨ ਆਪ ਅੱਗੇ ਹੋ ਕੇ ਪ੍ਰਚਾਰ ਕਰਦੇ ਸੀ ਪਰ ਜਿਵੇਂ ਜਿਵੇਂ ਲੀਡਰ ਬਦਲਦੇ ਗਏ ਤਿਵੇਂ ਤਿਵੇਂ ਲੋਕ ਵੀ ਸਿਆਣੇ ਹੋ ਗਏ ਹਨ। ਉਨ੍ਹਾਂ ਕਿਹਾ,‘‘ ਸਾਡੇ ਮਾਹਲ ਪਿੰਡ ਨੇੜਿਓਂ ਤੁੰਗ ਢਾਬ ਡਰੇਨ ਜਿਸਨੂੰ ਗੰਦਾ ਨਾਲਾ ਵੀ ਕਿਹਾ ਜਾਂਦਾ ਹੈ ਲੰਘਦਾ ਹੈ ਅਤੇ ਇਸਦੇ ਜ਼ਹਿਰੀਲੇ ਪਾਣੀ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦੇ ਡੀਐੱਨਏ ਤਬਦੀਲ ਤੱਕ ਹੋ ਰਹੇ ਹਨ। ਹੇਠਲੇ ਪਾਣੀ ਵਿੱਚ ਜ਼ਹਿਰ ਫੈਲ ਗਿਆ ਹੈ ਪਰ ਅਫਸੋਸ ਅੱਜ ਕਈ ਦਹਾਕੇ ਬੀਤ ਗਏ ਕਈ ਹਕੂਮਤਾਂ ਆਈਆਂ ਕਿਸੇ ਨੇ ਸਾਰ ਨਹੀਂ ਲਈ।’’ ਉਨ੍ਹਾਂ ਕਿਹਾ ਜਦ ਕਿਸੇ ਨੇ ਲੋਕਾਂ ਦਾ ਦੁੱਖ ਹੀ ਨਹੀਂ ਸਮਝਣਾ ਤਾਂ ਫਿਰ ਵੋਟਾਂ ਕਾਹਦੇ ਲਈ। ਉਨ੍ਹਾਂ ਕਿਹਾ ਇਹਨਾਂ ਸਾਰਿਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਖਾਮੋਸ਼ ਰਹਿ ਕੇ ਆਪਣਾ ਜੁਆਬ ਦੇਣ ਦੇ ਮੂਡ ਵਿੱਚ ਹਨ। ਗੱਗੋਮਾਹਲ ਦੇ ਬਲਬੀਰ ਸਿੰਘ ਨੇ ਕਿਹਾ,‘‘ ਗਰਮੀ ਅੱਤ ਦੀ ਪੈ ਰਹੀ ਹੈ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ। ਇਨ੍ਹਾਂ ਲੀਡਰਾਂ ਪਿਛੇ ਭੱਜ ਭੱਜ ਕੇ ਥੱਕ ਚੁੱਕੇ ਹਾਂ। ਇਹ ਚਾਰ ਦਿਨ ਵੋਟਾਂ ਵੇਲੇ ਸਾਡੇ ਦਰਾਂ ਤੇ ਆਉਂਦੇ ਹਨ ਅਤੇ ਫਿਰ ਪੰਜ ਸਾਲ ਅਸੀਂ ਇਹਨਾਂ ਦੇ ਦਰਾਂ ਤੇ ਨੱਕ ਰਗੜਦੇ ਹਾਂ। ਵੋਟ ਕਿਸਨੂੰ ਪਾਉਣੀ ਏਂ ਇਹ ਸਮਾਂ ਆਉਣ ਤੇ ਦੱਸਾਂਗੇ। ਹਾਲਦੀ ਘੜੀ ਤਾਂ ਲੋਕ ਵੀ ਇਹਨਾਂ ਦੀਆਂ ਗਰਮੀ ਨਾਲ ਬਾਹਰ ਨਿਕਲਦੀਆਂ ਜੀਭਾਂ ਵੇਖ ਵੇਖ ਸਵਾਦ ਲੈ ਰਹੇ ਹਨ।’’