ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 2 ਜੁਲਾਈ
ਇੱਥੇ ਸਥਿਤ ਗੈਸ ਪਲਾਂਟ ਦੀ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਅਕਸਰ ਹੀ ਸੁਰਖੀਆ ਵਿੱਚ ਰਹਿਣ ਵਾਲੇ ਗੈਸ ਪਲਾਂਟ ਦੇ ਸੁਰੱਖਿਆ ਕਰਮੀਆ ਵੱਲੋ ਇੱਕ ਟਰੱਕ ਡਰਾਈਵਰ ਨੌਜਵਾਨ ਨੂੰ ਪਿਛਲੇ ਚਾਰ ਦਿਨ ਤੋਂ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਟਰੱਕ ਡਰਾਈਵਰ ਨੂੰ ਬੰਧਕ ਬਣਾਉਣ ਦਾ ਮਾਮਲਾ ਮੀਡੀਆ ਵੱਲੋ ਜਦੋਂ ਸਥਾਨਕ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਮਾਮਲੇ ਦੀ ਕਵਰੇਜ ਕਰਨ ਆਏ ਪੱਤਰਕਾਰਾਂ ਨਾਲ ਗੈਸ ਪਲਾਂਟ ਦੇ ਸੁਰੱਖਿਆ ਕਰਮੀਆ ਵੱਲੋ ਧੱਕਾ ਮੁੱਕੀ ਕਰਦੇ ਹੋਏ ਪੱਤਰਕਾਰਾਂ ਦੇ ਮੋਬਾਇਲ ਫੋਨ ਤੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ’ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਜਸਵੰਤ ਸਿੰਘ ਵੱਲੋ ਗੈਸ ਪਲਾਂਟ ਦਾ ਗੇਟ ਖੁਲ੍ਹਵਾਉਣ ਉਪਰੰਤ ਬੰਧਕ ਨੌਜਵਾਨ ਨੇ ਗੈਸ ਪਲਾਂਟ ਦੀ ਮੈਨੇਜਮੈਂਟ ਅਤੇ ਗੈਸ ਪਲਾਂਟ ਦੇ ਸੁਰੱਖਿਆ ਕਰਮੀਆ ਉੱਤੇ ਕੇਸਾਂ ਦੀ ਬੇਅਦਬੀ ਕਰਨ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ।
ਇਸ ਮੌਕੇ ਸ਼ਹੀਦ ਭਗਤ ਸਿੰਘ ਟਰੱਕ ਯੂਨੀਅਨ ਦੇ ਮੈਂਬਰਾ ਵੱਲੋ ਗੈਸ ਪਲਾਂਟ ਦੀ ਮੈਨੇਜਮੈਂਟ ਅਤੇ ਇੱਥੇ ਤਾਇਨਾਤ ਸੁਰੱਖਿਆ ਕਰਮੀਆਂ ਦੇ ਮਾੜੇ ਰਵੱਈਏ ਅਤੇ ਸਿੱਖ ਨੌਜਵਾਨ ਡਰਾਈਵਰ ਦੇ ਕੇਸਾਂ ਦੀ ਬੇਅਦਬੀ ਕਰਨ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਗੈਸ ਪਲਾਂਟ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਸੁਰੱਖਿਆ ਕਰਮੀਆਂ ਉੱਤੇ ਕੁੱਟਮਾਰ ਦਾ ਦੋਸ਼
ਪੀੜਤ ਰਵਿੰਦਰ ਸਿੰਘ ਵਾਸੀ ਬਹਾਦਰ ਹੁਸੈਨ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਗੋਇੰਦਵਾਲ ਸਾਹਿਬ ਦੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਗੈਸ ਪਲਾਂਟ ਵਿੱਚ ਟਰੱਕ ਲੈਕੇ ਆਇਆ ਸੀ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਸ ਦਾ ਮਾਲ ਨਹੀ ਉਤਾਰਿਆ ਜਾ ਰਿਹਾ ਸੀ ਜਦ ਉਹ ਰੋਟੀ ਖਾਣ ਲਈ ਪਲਾਂਟ ਤੋ ਬਾਹਰ ਜਾਣ ਲੱਗਾ ਪਲਾਂਟ ਦੇ ਸੁਰੱਖਿਆ ਮੁਲਾਜ਼ਮਾਂ ਨੇ ਜ਼ਬਰਦਸਤੀ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੇਟ ਨੁਕਸਾਨਿਆ ਗਿਆ ਤਾਂ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਬੀਤੇ ਸੋਮਵਾਰ ਤੋਂ ਬੰਧਕ ਬਣਾ ਲਿਆ। ਅੱਜ ਚਾਰ ਦਿਨ ਬਾਅਦ ਪੁਲੀਸ ਨੇ ਉਸ ਨੂੰ ਬਾਹਰ ਕੱਢਿਆ ਹੈ।