ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 15 ਅਕਤੂਬਰ
ਇੱਥੋਂ ਦੇ ਮਿੱਲ ਗਰਾਊਂਡ ਵਿੱਚ ਦਸਹਿਰਾ ਕਮੇਟੀ ਧਾਰੀਵਾਲ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਧਾਰੀਵਾਲ ਦੀਆਂ ਵੱਖ-ਵੱਖ ਰਾਮ ਲੀਲਾ ਡਰਾਮਾਟਿਕ ਕਲੱਬਾਂ ਵੱਲੋਂ ਗਰਾਊਂਡ ਵਿੱਚ ਸੁੰਦਰ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦਾ ਫ਼ਰਜ਼ ਰਾਜੇਸ਼ ਪੰਡਿਤ ਨੇ ਨਿਭਾਈ। ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਇਲਾਕੇ ਦੀਆਂ ਮੁੱਖ ਸ਼ਖਸੀਅਤਾਂ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮਗਰੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ।
ਸ਼ਾਹਕੋਟ (ਗੁਰਮੀਤ ਖੋਸਲਾ): ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦਸਹਿਰਾ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਉਕਤ ਸਥਾਨਾਂ ਤੇ ਪਹੁੰਚ ਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਤਿਉਹਾਰ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ’ਚ ਸਹਾਈ ਹੁੰਦੇ ਹਨ। ਵਿਧਾਇਕ ਤੋਂ ਇਲਾਵਾ ਕਾਂਗਰਸੀ ਆਗੂ ਡਾ. ਨਵਜੋਤ ਸਿੰਘ ਦਾਹੀਆ ਅਤੇ ਅਕਾਲੀ ਆਗੂ ਬਚਿਤਰ ਸਿੰਘ ਕੋਹਾੜ ਤੇ ਬ੍ਰਿਜ ਭੁਪਿੰਦਰ ਸਿੰਘ ਕੰਗ ਨੇ ਵੀ ਇੰਨ੍ਹਾਂ ਥਾਵਾਂ ਤੇ ਹਾਜ਼ਰੀ ਲਵਾਈ।
ਅਜਨਾਲਾ (ਸੁਖਦੇਵ ਸੁੱਖ): ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਅਜਨਾਲਾ ਵਿਖੇ ਨਿਊ ਸ਼ਿਵ ਸੰਕਰ ਡਰਾਮਾਟਿਕ ਕਲੱਬ ਅਜਨਾਲਾ ਵੱਲੋਂ ਕੀਰਤਨ ਦਰਬਾਰ ਸੁਸਾਇਟੀ ਦੀ ਗਰਾਊਂਡ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਜਾਏ ਮੰਚ ਤੇ ਮੁੱਖ-ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸੰਬੋਧਨ ਕਰਕੇ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਤੀਰ ਮਾਰ ਕੇ ਅੱਗ ਲਗਾਉਣ ਦੀ ਰਸਮ ਨਿਭਾਈ ਅਤੇ ਵੱਖ-ਵੱਖ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਦਸਹਿਰਾ ਕਮੇਟੀ ਵੱਲੋਂ ਦਸਹਿਰਾ ਗਰਾਊਂਡ ਫਤਿਹਗੜ੍ਹ ਚੂੜੀਆਂ ਵਿੱਚ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਦਸਹਿਰਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ’ਚ ਦਸਹਿਰਾ ਧੁੂਮਧਾਮ ਨਾਲ ਮਨਾਇਆ ਗਿਆ। ਆਈਟੀਆਈ ਕਾਦੀਆਂ ਦੇ ਖੁੱਲ੍ਹੇ ਮੈਦਾਨ ’ਚ ਰਾਵਣ ਦੇ ਪੁਤਲੇ ਨੂੰ ਸਾੜਿਆ ਗਿਆ। ਇਸ ਮੌਕੇ ਵੱਡੀ ਤਾਦਾਦ ’ਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਜੂਦ ਸਨ।
ਐੱਨਐੱਨਸੀਸੀ ਕੈਡੇਟਾਂ ਨੇ ਬੂਟੇ ਲਾ ਕੇ ਮਨਾਇਆ ਦਸਹਿਰਾ
ਅਟਾਰੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੀ ਪ੍ਰਿੰਸੀਪਲ ਮਨਮੀਤ ਕੌਰ ਦੀ ਪ੍ਰੇਰਨਾ ਸਦਕਾ ਐਨਸੀਸੀ ਕੈਡੇਟਾਂ ਨੇੇ ਅੱਜ ਸਕੂਲ ’ਚ ਬੂਟੇ ਲਗਾ ਕੇ ਦਸਹਿਰਾ ਮਨਾਇਆ। ਇਸ ਤੋਂ ਇਲਾਵਾ ਐਨਸੀਸੀ ਕੈਡਟਾਂ ਨੇ ਸਕੂਲ ਕੈਂਪਸ ਵਿੱਚ ਲੱਗੇ ਬੂਟਿਆਂ ਦੀ ਸਾਫ਼-ਸਫ਼ਾਈ ਵੀ ਕੀਤੀ। ਇਸ ਮੌਕੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਸੱਭਿਆਚਾਰ ਪ੍ਰੋਗਰਾਮ ’ਚ ਨੂਰਾ ਭੈਣਾਂ ਨੇ ਦਰਸ਼ਕ ਕੀਲੇ
ਧਾਰੀਵਾਲ (ਪੱਤਰ ਪ੍ਰੇਰਕ): ਪਿੰਡ ਡੇਹਰੀਵਾਲ ਦਰੋਗਾ ਵਿੱਚ ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਮ ਲੀਲਾ ਸਟੇਡੀਅਮ ਵਿੱਚ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟੇਡੀਅਮ ਵਿੱਚ ਸੱਭਿਆਚਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕਾ ਜੋੜੀ ਨੂਰਾ ਭੈਣਾਂ ਨੇ ਸੱਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਨੂੰ ਲੰਮਾ ਸਮਾਂ ਕੀਲ ਕੇ ਰੱਖਿਆ। ਇਸ ਦੌਰਾਨ ਮੰਦਰ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਉਪਰੰਤ ਸ਼ਾਮ ਨੂੰ ਪ੍ਰਬਧੰਕਾਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ।