ਐਨਪੀ ਧਵਨ
ਪਠਾਨਕੋਟ, 12 ਅਗਸਤ
ਭਾਰਤੀ ਸੈਨਾ ਵੱਲੋਂ ਸਬ ਏਰੀਆ ਦੇ ਕਮਾਂਡਰ ਬ੍ਰਿਗੇਡੀਅਰ ਸੰਦੀਪ ਸ਼ਾਰਦਾ, ਵੀਐੱਸਐੱਮ ਦੀ ਅਗਵਾਈ ਵਿੱਚ ਸੁਜਾਨਪੁਰ ਗੈਰੀਸਨ ਕੰਪਲੈਕਸ ਅੰਦਰ ਵਣ ਮਹਾਉਤਸਵ ਦੇ ਤਹਿਤ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦਾ ਨਾਂ ਅਪਰੇਸ਼ਨ ਗਰੀਨ ਰੱਖਿਆ ਗਿਆ ਜੋ ਕਿ ਹਫਤਾ ਭਰ ਚੱਲੇਗਾ। ਇਸ ਅਭਿਆਨ ਦੀ ਸ਼ੁਰੂਆਤ ਮੌਕੇ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ, ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ, ਜ਼ਿਲ੍ਹਾ ਜੰਗਲਾਤ ਅਫਸਰ ਰਾਜੇਸ਼ ਕੁਮਾਰ ਗੁਲਾਟੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਭਾਰਤੀ ਸੈਨਾ ਦੇ ਕਰਨਲ ਜੇਐਸ ਰਾਠੌਰ, ਹੋਰ ਅਧਿਕਾਰੀ, ਜੇਸੀਓਜ਼, ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹੋਏ। ਮਿਲਟਰੀ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਸੰਦੀਪ ਸ਼ਾਰਦਾ ਨੇ ਕਿਹਾ ਕਿ ਹਫਤੇ ਵਿੱਚ 15 ਹਜ਼ਾਰ ਪੌਦੇ ਲਗਾਏ ਜਾਣਗੇ। ਜ਼ਿਲ੍ਹਾ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਨੇ ਕਿਹਾ ਕਿ ਲਗਾਤਾਰ ਵਧ ਰਹੀ ਗਲੋਬਲ ਵਾਰਮਿੰਗ ਦਾ ਟਾਕਰਾ ਵੱਧ ਤੋਂ ਵੱਧ ਪੌਦੇ ਲਗਾ ਕੇ ਹੀ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਜੰਗਲਾਤ ਅਧਿਕਾਰੀ ਰਾਜੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਜੰਗਲਾਤ ਵਿਭਾਗ ਪਠਾਨਕੋਟ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਉਪਰਾਲੇ ਕਰ ਰਿਹਾ ਹੈ।