ਪੱਤਰ ਪ੍ਰੇਰਕ
ਪਠਾਨਕੋਟ, 22 ਫਰਵਰੀ
ਪਠਾਨਕੋਟ ਜ਼ਿਲ੍ਹੇ ਦੇ ਨੀਮ ਪਹਾੜੀ ਤੇ ਪੱਛੜੇ ਖੇਤਰ ਧਾਰਕਲਾਂ ਵਿੱਚ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੀ ਸੰਸਥਾ ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਵੱਲੋਂ ਇੱਕ ਸਾਦਾ ਜਿਹਾ ਸਮਾਗਮ ਕਰਕੇ ਦਰਬਾਨ ਪਿੰਡ ਦੀ ਰਹਿਣ ਵਾਲੀ ਸੁਮਨ ਦੇਵੀ ਨੂੰ ਉਸ ਦਾ ਕੱਚਾ ਮਕਾਨ ਮੁਫਤ ਵਿੱਚ ਬਣਾ ਕੇ ਉਸ ਦੀਆਂ ਚਾਬੀਆਂ ਸੌਂਪੀਆਂ ਗਈਆਂ। ਇਸ ਸਮਾਗਮ ਵਿੱਚ ਐਸ ਸ਼ਿਵਦੁਲਾਰ ਸਿੰਘ ਢਿਲੋਂ, ਸੇਵਾਮੁਕਤ ਆਈਏਐਸ (ਸਲਾਹਕਾਰ, ਟੂਰਿਜ਼ਮ, ਗੌਰਮਿੰਟ ਆਫ ਪੰਜਾਬ) ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸਰਕਾਰੀ ਸੰਗਠਨ ਨਿਫਾ ਦੇ ਪ੍ਰਧਾਨ ਐਸ ਪ੍ਰਿਤਪਾਲ ਸਿੰਘ ਪੰਨੂ ਤੇ ਉਪ-ਪ੍ਰਧਾਨ ਐਸ ਗੁਰਮੀਤ ਸਚਦੇਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇੰਨ੍ਹਾਂ ਦੇ ਇਲਾਵਾ ਜਾਗਰਿਤੀ ਫਾਊਂਡੇਸ਼ਨ ਟਰਸਟ ਦੇ ਡਾ. ਬਲਬੀਰ ਸਿੰਘ ਮਨਹਾਸ (ਪ੍ਰੋਜੈਕਟ ਡਾਇਰੈਕਟਰ ਐਜੂਕੇਸ਼ਨ) ਅਤੇ ਟਰਸਟੀ ਆਰਪੀਐਸ ਵਾਲੀਆ (ਸੇਵਾਮੁਕਤ ਐਸਡੀਐਮ), ਸ਼ੰਮੀ ਚੌਧਰੀ ਤੇ ਯਸ਼ਪਾਲ ਸ਼ਰਮਾ ਸੇਵਾਮੁਕਤ ਤਹਿਸੀਲਦਾਰ ਵੀ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਸੁਖਜਿੰਦਰਾ ਮਹਾਵਿਦਿਆਲੇ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 50 ਯੂਨਿਟ ਖੂਨਦਾਨ ਹੋਇਆ। ਜ਼ਿਕਰਯੋਗ ਹੈ ਕਿ ਜਾਗਰਿਤੀ ਫਾਊਂਡੇਸ਼ਨ ਨੇ ਚੈਰੀਟੇਬਲ ਟਰੱਸਟ ਨੇ ਸਾਰਟੀ ਪਿੰਡ ਨੂੰ ਗੋਦ ਲਿਆ ਹੋਇਆ ਹੈ ਅਤੇ ਧਾਰ ਖੇਤਰ ਦੇ ਲੋਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।