ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 13 ਜੁਲਾਈ
ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰਾਣਾ ਕਰਨ ਸਿੰਘ ਨੇ ਦੱਸਿਆ ਕਿ ਮੋਰਚੇ ਦੇ ਆਗੂਆਂ ਵੱਲੋਂ ਬਲਾਚੌਰ ਇਲਾਕੇ ਦੇ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਟੌਂਸਾ, ਜਮੀਤਗੜ੍ਹ ਭੱਲਾ, ਭੇਡੀਆਂ ਬੇਟ, ਕਹਾਰ ਅਤੇ ਪਰਾਗਪੁਰ ਪਿੰਡਾਂ ਵਿੱਚ ਲੋਕਾਂ ਨਾਲ ਮੁਲਾਕਾਤਾਂ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਰਾਣਾ ਕਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਪਸ ਵਿੱਚ ਨਾ ਉਲਝਣ ਅਤੇ ਆਪਸੀ ਮਿਲਵਰਤਨ ਨਾਲ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕਰਨ।
ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਨਾਲ ਬਲਾਚੌਰ ਸਬ ਡਿਵੀਜ਼ਨ ਦੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਖੱਡਾਂ ਅਤੇ ਚੋਆਂ ਦੇ ਪਾਣੀ ਨੇ ਕੰਢੀ, ਬੇਟ ਅਤੇ ਢਾਹੇ ਦੇ ਪਿੰਡਾਂ ਦੀਆਂ ਫਸਲਾਂ ਦਾ ਨੁਕਸਾਨ ਤਾਂ ਕੀਤਾ ਹੀ ਹੈ ਸਗੋਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੱਡੇ-ਵੱਡੇ ਪਾੜ ਪਾ ਦਿੱਤੇ ਹਨ। ਉਨ੍ਹਾਂ ਪਿੰਡ ਭੇਡੀਆਂ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਆਪਣੇ ਪੱਧਰ ’ਤੇ ਖਰਚ ਕਰ ਕੇ ਪਿੰਡਾਂ ਦੀ ਜਲ ਸਪਲਾਈ ਬਹਾਲ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇ ਤੇ ਮਹਿਮੂਦਪੁਰ ਡਰੇਨ ਦੀ ਸਫ਼ਾਈ ਕਰਵਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਅਵਤਾਰ ਕੌਰ, ਸਾਬਕਾ ਸਰਪੰਚ ਰਾਮ ਕਿਸ਼ਨ, ਚਰਨ ਸਿੰਘ ਅਤੇ ਕਰਨੈਲ ਸਿੰਘ ਭੱਲਾ ਮੌਜੂਦ ਸਨ।
ਸਭਾ ਦੇ ਆਗੂਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਅੱਜ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆ ਪੀੜਤ ਕਿਸਾਨਾਂ ਦੀਆਂ ਮੁਸ਼ਕਲਾ ਸੁਣੀਆਂ ਗਈਆਂ। ਇਸ ਮੌਕੇ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਤੇ ਦਾਰਾ ਸਿੰਘ ਮੁੰਡਾ ਪਿੰਡ ਨੇ ਆਖਿਆ ਕਿ ਭਾਰੀ ਮੀਂਹ ਅਤੇ ਦਰਿਆ ਬਿਆਸ ਦਾ ਪੱਧਰ ਵਧਣ ਕਾਰਨ ਪਿੰਡ ਟਾਂਡਾ, ਭਰੋਵਾਲ, ਛਾਪੜੀ ਸਾਹਿਬ, ਚੱਕ ਮਹਿਰ, ਜਾਮਾਰਾਏ, ਤੁੜ, ਕੋਟ ਮੁਹੰਮਦ ਖਾਂ, ਚੰਬਾ ਖੁਰਦ, ਕਾਹਲਵਾਂ, ਫੇਲੋਕੇ ਆਦਿ ਵਿੱਚ ਆਏ ਪਾਣੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਪਰ ਦੁੱਖ ਦੀ ਗੱਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਆਗੂਆਂ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਝੂਠੇ ਦਾਅਵਿਆਂ ਤੋਂ ਬਾਹਰ ਆ ਕੇ ਪੀੜਤ ਕਿਸਾਨਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਦੀਆਂ ਪੈਲੀਆਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ।