ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 10 ਨਵੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਝੰਡੇ ਹੇਠ ਫਤਿਹਾਬਾਦ ਚੌਕੀ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਮੌਕੇ ਸ਼ਹੀਦ ਭਗਤ ਸਿੰਘ ਲਾਈਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਅਤੇ ਔਰਤ ਮੁਕਤੀ ਮੋਰਚੇ ਦੀ ਆਗੂ ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਦੋਸ਼ ਲਾਇਆ ਕਿ ਪਿਛਲੇ ਲੰਬੇ ਸਮੇਂ ਤੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਚੌਕੀ ਫਤਿਆਬਾਦ ਦੇ ਇੰਚਾਰਜ ਵੱਲੋਂ ਕਥਿਤ ਤੌਰ ’ਤੇ ਸੁਣਵਾਈ ਨਾ ਕਰਨ ਅਤੇ ਚੌਕੀ ਵਿੱਚ ਇਨਸਾਫ਼ ਲੈਣ ਆਏ ਲੋਕਾਂ ਦੀ ਖੱਜਲ-ਖੁਆਰੀ ਖ਼ਿਲਾਫ਼ ਚੌਕੀ ਫਤਿਆਬਾਦ ਦਾ ਘਿਰਾਓ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ੇ ਸ਼ਰ੍ਹੇਆਮ ਵਿਕ ਰਹੇ ਹਨ ਪਰ ਪੁਲੀਸ ਤਸਕਰਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨਸ਼ਿਆਂ ਨੂੰ ਖਤਮ ਕਰਨ ਲਈ ਗੰਭੀਰ ਨਹੀਂ ਹੈ। ਇਸ ਮੌਕੇ ਇਕੱਤਰ ਇਕੱਠ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਰਵੱਈਏ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਐੱਸਐੱਚਓ ਬਲਜਿੰਦਰ ਸਿੰਘ ਬਾਜਵਾ ਵੱਲੋਂ ਧਰਨਾਕਾਰੀਆਂ ਨੂੰ ਹਫ਼ਤੇ ਦਾ ਸਮਾਂ ਲੈਂਦਿਆਂ ਰੁਕੀਆਂ ਦਰਖਾਸਤਾਂ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਉਪਰੰਤ ਆਗੂਆਂ ਦੀ ਸਹਿਮਤੀ ਨਾਲ ਧਰਨਾ ਸਮਾਪਤ ਕੀਤਾ ਗਿਆ।