ਪੱਤਰ ਪ੍ਰੇਰਕ
ਭੁਲੱਥ, 18 ਜੁਲਾਈ
ਇਥੋਂ ਦੇ ਸਬ ਡਿਵੀਜ਼ਨ ਕੰਪਲੈਕਸ ਵਿੱਚ ਚੱਲ ਰਹੀ ਕੰਟੀਨ ਤੇ ਪਾਰਕਿੰਗ ਬਿਨਾਂ ਕਿਸੇ ਠੇਕੇ ਤੋਂ ਚਲਾਈ ਜਾ ਰਹੀ ਹੈ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸਰਕਾਰ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਪਿਛਲੇ ਸਾਲ ਪਾਰਕਿੰਗ ਤੇ ਕੰਟੀਨ ਦਾ ਠੇਕਾ ਤਕਰੀਬਨ ਚਾਰ ਲੱਖ ਰੁਪਏ ਵਿਚ ਤਹਿਸੀਲਦਾਰ ਦਫ਼ਤਰ ਵਿਚ ਤਾਇਨਾਤ ਕਲਰਕ ਦੇ ਰਿਸ਼ਤੇਦਾਰ ਵਲੋਂ ਲਿਆ ਗਿਆ ਸੀ ਤੇ ਸਾਰੀ ਹੀ ਰਕਮ ਤਕਰੀਬਨ ਬਕਾਇਆ ਸੀ। ਸੂਤਰਾਂ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਉਸ ਕਲਰਕ ਵਲੋਂ ਕੋਈ ਬਕਾਇਆ ਨਹੀਂ ਹੈ ਦਾ ਸਰਟੀਫਿਕੇਟ ਭੇਜਿਆ ਜਾਂਦਾ ਸੀ ਪਰ ਕਿਸੇ ਕਾਰਨ ਉਸ ਕਲਰਕ ਦੀ ਬਦਲੀ ਕਪੂਰਥਲਾ ਵਿਖੇ ਹੋਣ ’ਤੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਨਾ ਹੋਣ ਬਾਰੇ ਪਤਾ ਲੱਗਿਆ ਜਿਸ ਉਪਰੰਤ ਅਧਿਕਾਰੀਆਂ ਵਲੋਂ ਦਖ਼ਲ ਦੇਣ ’ਤੇ ਕੁਝ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਤੇ ਅਜੇ ਵੀ ਪਿਛਲੇ ਸਾਲ ਦੀ 150000 ਰੁਪਏ ਦੀ ਰਕਮ ਬਕਾਇਆ ਹੈ। ਸਰਕਾਰ ਦੀ ਬਕਾਇਆ ਰਕਮ ਦੇ ਬਾਵਜੂਦ ਕੰਟੀਨ ਤੇ ਪਾਰਕਿੰਗ ਦੀ ਫ਼ੀਸ ਧੜੱਲੇ ਨਾਲ ਆਮ ਲੋਕਾਂ ਕੋਲੋਂ ਵਸੂਲੀ ਜਾ ਰਹੀ ਹੈ। ਇਸ ਸਬੰਧੀ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।