ਪੱਤਰ ਪ੍ਰੇਰਕ
ਅਜਨਾਲਾ, 1 ਜੁਲਾਈ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਜਨਤਾ ਦੇ ਕੰਮਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਵਸੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਪਿੰਡ ਘੋਨੇਵਾਹਲਾ ਤੋਂ ਭਿੰਡੀਆਂ ਤੱਕ ਕਰੀਬ 35 ਕਿਲੋਮੀਟਰ ਲੰਬੇ ਬਣੇ ਧੁੱਸੀ ਬੰਨ੍ਹ ਤੇ ਖਸਤਾ ਹਾਲ ਸੜਕ ਦਾ ਨਵਨੀਕਰਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਹਨ ਉਹ ਜਲਦ ਹੀ ਪੂਰੇ ਕਰ ਲਏ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਹਾਸ਼ਮਪੁਰਾ, ਬਰਲਾਸ, ਮਾਜੀ ਮੀਆਂ, ਸੈਦਪੁਰ, ਬਿਕਰਾਊਰ, ਸ਼ੇਖਭੱਟੀ, ਰਾਏਪੁਰ ਕਲ੍ਹਾਂ, ਸੈਦੋਗਾਜੀ, ਜਾਫਰਕੋਟ, ਪੂੰਗਾ, ਚੱਕ-ਔਲ ਅਤੇ ਤਲਵੰਡੀ ਰਾਏ ਦਾਦੂ ਵਿੱਚ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਇਸ ਮੌਕੇ ਪ੍ਰਧਾਨ ਬੱਬੂ ਚੇਤਨਪੁਰਾ, ਬੀਡੀਪੀਓ ਅਜਨਾਲਾ ਸ਼ਮਸ਼ੇਰ ਸਿੰਘ ਬੱਲ, ਗੁਰਜੰਟ ਸਿੰਘ ਸਮੇਤ ਵੱਖ-ਵੱਖ ਆਗੂ ਹਾਜ਼ਰ ਸਨ।