ਜਤਿੰਦਰ ਬੈਂਸ
ਗੁਰਦਾਸਪੁਰ, 3 ਮਾਰਚ
ਜ਼ਿਲ੍ਹੇ ਦੇ ਸਰਹੱਦੀ ਪਿੰਡ ਈਸਾਪੁਰ ਵਿੱਚ ਇੱਕ ਬਾਂਦਰ ਨੇ ਕਰੀਬ ਇੱਕ ਹਫ਼ਤੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਿੰਡ ਵਾਲਿਆਂ ਨੂੰ ਵਖਤ ਪਾਇਆ ਹੋਇਆ ਹੈ। ਸ਼ਿਕਾਇਤ ਮਿਲਣ ’ਤੇ ਜੰਗਲਾਤ ਵਿਭਾਗ ਦੀ ਟੀਮ ਇਸ ਬਾਂਦਰ ਨੂੰ ਕਾਬੂ ਕਰਨ ਲਈ ਪਿੰਜਰੇ ਸਮੇਤ ਪਿੰਡ ਪੁੱਜੀ।
ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਬਾਂਦਰ ਰੱਖਿਆ ਹੋਇਆ ਸੀ ਪਰ ਅਚਾਨਕ ਬਾਂਦਰ ਰੱਸੀ ਤੁੜਾ ਕੇ ਦੌੜ ਗਿਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ’ਚ ਲੱਗੇ ਦਰਖ਼ਤ ਉੱਤੇ ਚੜ੍ਹ ਗਿਆ। ਬਾਂਦਰ ਕਾਰਨ ਜਿਥੇ ਸਕੂਲੀ ਬੱਚਿਆਂ ’ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਘਰਾਂ ਵਿੱਚ ਦਾਖਲ ਹੋ ਕੇ ਬਾਂਦਰ ਖੌਰੂ ਪਾ ਰਿਹਾ ਹੈ। ਸਕੂਲ ਅਧਿਆਪਕਾ ਰਾਣੀ ਦੇਵੀ ਨੇ ਦੱਸਿਆ ਕਿ ਉਹ ਜਦੋਂ ਸਕੂਲ ਆਉਂਦੇ ਹਨ ਤਾਂ ਕੰਪਲੈਕਸ ਅੰਦਰ ਕਪੜੇ ਅਤੇ ਚੱਪਲਾਂ ਆਦਿ ਖਿਲਰੀਆਂ ਮਿਲਦੀਆਂ ਹਨ। ਬਾਂਦਰ ਕਾਰਨ ਬੱਚਿਆਂ ਨੂੰ ਖ਼ਤਰਾ ਬਣਿਆ ਹੋਇਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਪਕ ਕਪੂਰ, ਗੁਰਵਿੰਦਰ ਸਿੰਘ, ਗਗਨਦੀਪ ਕੌਰ ਅਤੇ ਧੀਰ ਸਿੰਘ ਨੇ ਕਿਹਾ ਕਿ ਬਾਂਦਰ ਨੂੰ ਕਾਬੂ ਕਰ ਕੇ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ।