ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 13 ਨਵੰਬਰ
ਨਵੀਂ ਚੁਣੀ ਗਰਾਮ ਪੰਚਾਇਤ ਭੈਣੀ ਮੀਆਂ ਖਾਂ ਵੱਲੋਂ ਭਾਈਚਾਰਕ ਸਾਂਝ ਨੂੰ ਪੁਖ਼ਤਾ ਕਰਨ ਦੀ ਮੁਹਿੰਮ ਤਹਿਤ ਪਿੰਡ ਵਾਸੀਆਂ ਦੇ ਝਗੜਿਆਂ ਸਬੰਧੀ ਫ਼ੈਸਲੇ ਸੱਥ ਵਿੱਚ ਨਿਬੇੜਨ ਦਾ ਅਮਲ ਸ਼ੁਰੂ ਕੀਤਾ ਗਿਆ। ਨਵੇਂ ਚੁਣੇ ਸਰਪੰਚਾਂ ਨੇ ਕਿਹਾ ਕਿ ਪਹਿਲੀਆਂ ਪੰਚਾਇਤਾਂ ਵੱਲੋਂ ਪਾਈ ਲੀਹ ਨੂੰ ਪਾਸੇ ਰੱਖ ਉਨ੍ਹਾਂ ਵੱਲੋਂ ਪੁਲੀਸ ਥਾਣੇ ਜਾਣ ਤੋਂ ਬਿਨਾਂ ਹੀ ਪਿੰਡ ਵਾਸੀਆਂ ਦੇ ਵਿਵਾਦਾਂ ਅਤੇ ਝਗੜਿਆਂ ਸਬੰਧੀ ਫ਼ੈਸਲੇ ਸੱਥ ਕਰਵਾਏ ਜਾਣ ਦੀ ਪਿਰਤ ਸ਼ੁਰੂ ਕੀਤਾ ਗਈ ਹੈ।
ਅੱਜ ਭੈਣੀ ਮੀਆਂ ਖਾਂ ਵਿੱਚ ਸਰਪੰਚ ਗਾਰੂ ਰਾਮ ਅਤੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦਾ ਸਾਂਝਾ ਇਕੱਠ ਬੁਲਾ ਕੇ ਸਰਬਸੰਮਤੀ ਨਾਲ ਚਾਰ ਆਪਸੀ ਝਗੜਿਆਂ ਦੇ ਫ਼ੈਸਲੇ ਮੁਕਾਏ ਗਏ। ਇਸ ਮੌਕੇ ਦੋਵਾਂ ਧਿਰਾਂ ਨੇ ਪੰਚਾਇਤ ਦੀ ਗੱਲ ਮੰਨ ਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਵਾਉਣ ਦਾ ਭਰੋਸਾ ਦਿੱਤਾ ਹੈ ਅਤੇ ਅੱਗੇ ਤੋਂ ਮਿਲ-ਜੁਲ ਕੇ ਰਹਿਣ ਦੀ ਗੱਲ ਮੰਨੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਇਸੇ ਹੀ ਤਰਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸੱਥ ਵਿੱਚ ਫ਼ੈਸਲੇ ਕਰਵਾਉਣ ਦੀ ਪਿਰਤ ਚਲਾਈ ਜਾਵੇਗੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਠਾਕੁਰ ਬਲਰਾਜ ਸਿੰਘ ਨੇ ਕਿਹਾ ਕਿ ਪਿੰਡ ਭੈਣੀ ਮੀਆਂ ਖਾਂ ਦੀਆਂ ਦੋਵੇਂ ਪੰਚਾਇਤਾਂ ਦਾ ਇਹ ਸ਼ਲਾਘਾਯੋਗ ਕਦਮ ਹੈ। ਅਜਿਹੀ ਸੁਹਿਰਦਤਾ ਕਾਰਨ ਆਮ ਲੋਕ ਥਾਣੇ ਅਤੇ ਅਦਾਲਤ ਜਾਣ ਦੇ ਚੱਕਰਾਂ ਤੋਂ ਵੀ ਬਚੇ ਰਹਿਣਗੇ। ਰਾਜ਼ੀਨਾਮਾ ਹੋਣ ਤੋਂ ਬਾਅਦ ਡਾ. ਸੈਮੂਅਲ ਖੋਖਰ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਪਿੰਡ ਦੀਆਂ ਦੋਵਾਂ ਪੰਚਾਇਤਾਂ ਦੇ ਬਹੁਤ ਧੰਨਵਾਦੀ ਹਨ।