ਪੱਤਰ ਪ੍ਰੇਰਕ
ਪਠਾਨਕੋਟ, 21 ਜੁਲਾਈ
ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਤਾਇਨਾਤ ਆਊਟਸੋਰਸ ਮੁਲਾਜ਼ਮਾਂ ਦੀ ਇੱਕ ਮੀਟਿੰਗ ਅਮਿਤ ਪਠਾਨੀਆ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਉਨ੍ਹਾਂ ਦੀ ਤਨਖਾਹ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਨਾ ਕਰਨ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੰਦੀਪ ਸਿੰਘ, ਰਾਜਿੰਦਰ ਸਿੰਘ, ਵਿਕਾਸ, ਅਜੇ ਸ਼ਰਮਾ, ਬਲਵਿੰਦਰ ਸ਼ਰਮਾ, ਲੱਕੀ, ਸਰਵਨ ਕੁਮਾਰ, ਰਵਿੰਦਰ ਠਾਕੁਰ, ਸੁਨੀਲ ਮਹਿਰਾ ਆਦਿ ਹਾਜ਼ਰ ਸਨ। ਸਮੂਹ ਮੁਲਾਜ਼ਮਾਂ ਨੇ ਕਿਹਾ ਕਿ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਠੇਕੇਦਾਰੀ ਰਾਹੀਂ ਰੱਖੇ ਗਏ ਆਊਟਸੋਰਸ ਮੁਲਾਜ਼ਮਾਂ ਨੂੰ ਮਾਤਰ 8500 ਰੁਪਏ ਤਨਖਾਹ ਮਿਲ ਰਹੀ ਹੈ। ਇਹ ਮੁਲਾਜ਼ਮ ਠੇਕੇ ’ਤੇ ਲਈ ਗਈ ਵਾਟਰ ਸਪਲਾਈ ਉਪਰ ਠੇਕੇਦਾਰਾਂ ਦੇ ਅਧੀਨ ਪਿਛਲੇ 5 ਤੋਂ 10 ਸਾਲ ਤੋਂ ਕੰਮ ਕਰ ਰਹੇ ਹਨ, ਜਦੋਂਕਿ ਜੋ ਲੋਕ ਖੁਦ ਠੇਕੇਦਾਰ (ਵਾਚ ਐਂਡ ਵਾਰਡ) ਬਣ ਕੇ ਵਿਭਾਗ ਦੀ ਸਪਲਾਈ ਚਲਾ ਰਹੇ ਹਨ, ਉਨ੍ਹਾਂ ਨੂੰ 18 ਹਜ਼ਾਰ ਰੁਪਏ ਤਨਖਾਹ ਮਿਲ ਰਹੀ ਹੈ। ਹਾਲਾਂਕਿ ਦੋਹਾਂ ਦਾ ਕੰਮ ਬਰਾਬਰ ਹੈ ਅਤੇ ਤਨਖਾਹ ਉਨ੍ਹਾਂ ਤੋਂ ਅੱਧੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਜਕਾਰੀ ਇੰਜਨੀਅਰ ਵੱਲੋਂ ਅਪਰੈਲ ਮਹੀਨੇ ਵਿੱਚ ਉਨ੍ਹਾਂ ਦੀ ਤਨਖਾਹ 18 ਹਜ਼ਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।