ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਜੂਨ
ਇਥੋਂ ਨਜ਼ਦੀਕੀ ਕਸਬਾ ਟਾਂਗਰਾ ਵਿੱਚ ਜੀਟੀ ਰੋਡ ਉਪਰ ਸਥਿਤ ਨਿਰਮਾਣ ਅਧੀਨ ਨਵੇਂ ਪੁਲ, ਜਿਸਦੀ ਉਸਾਰੀ ਪਿਛਲੇ ਦੋ ਸਾਲਾਂ ਤੋਂ ਬਹੁਤ ਧੀਮੀ ਰਫਤਾਰ ਨਾਲ ਚੱਲ ਰਹੀ ਹੈ, ਇਸ ਦੇ ਦੋਵੇਂ ਪਾਸੇ ਸੜਕਾਂ ’ਤੇ ਡੂੰਘੇ ਟੋਏ ਪਏ ਹੋਏ ਹਨ। ਇਸ ਸਮੱਸਿਆ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਇਥੋਂ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਜੀਟੀ ਰੋਡ ਉਪਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਟਰੈਫਿਕ ਜਾਮ ਲੱਗ ਜਾਂਦੇ ਹਨ। ਇਸ ਅਤਿ ਦੀ ਪੈ ਰਹੀ ਗਰਮੀ ਵਿੱਚ ਜਾਮ ਲੱਗਣ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰਾਤ ਸਮੇਂ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਟੋਇਆਂ ਕਰਨ ਕਈ ਹਾਦਸੇ ਵਾਪਰ ਵੀ ਚੁੱਕੇ ਹਨ। ਇਸ ਸੜਕ ਉੱਪਰੋਂ ਹਰ ਰੋਜ਼ ਕਈ ਸਰਕਾਰੀ ਅਧਿਕਾਰੀ ਅਤੇ ਸੱਤਾਧਾਰੀ ਆਗੂ ਵੀ ਲੰਘਦੇ ਹਾਂ ਪਰ ਇਸ ਦੇ ਬਾਵਜੂਦ ਸਾਰਿਆਂ ਵੱਲੋਂ ਸੜਕ ਦੀ ਖਸਤਾ ਹਾਲਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਫਲਾਈਓਵਰ ਦੇ ਦੋਵੇਂ ਪਾਸੇ ਵਾਲੀ ਟੁੱਟੀ ਸੜਕ ਨੂੰ ਜਲਦੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਜਲਦੀ ਇਸ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ।