ਪੱਤਰ ਪ੍ਰੇਰਕ
ਪਠਾਨਕੋਟ, 24 ਸਤੰਬਰ
ਧਾਰ ਕਲਾਂ ਨੀਮ ਪਹਾੜੀ ਖੇਤਰ ਦੇ ਪਿੰਡ ਭੰਗੂੜੀ ਦੀ ਲਿੰਕ ਸੜਕ ਚੰਡੋਲਾ ਕੋਲ ਪਿੰਡ ਵਾਸੀਆਂ ਨੇ ਖੁਦ ਹੀ ਖੱਡ ਵਿੱਚ ਪਾਈਪਾਂ ਪਾ ਕੇ ਅਤੇ ਉਸ ਉਪਰ ਮਿੱਟੀ ਵਿਛਾ ਕੇ ਵਾਹਨਾਂ ਦੇ ਲੰਘਣ ਲਈ ਪੁਲ ਬਣਾ ਲਿਆ। ਆਰਜ਼ੀ ਪੁਲ ਦੇ ਬਣ ਜਾਣ ਨਾਲ ਹੁਣ ਪਿੰਡ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ।
ਠਾਕੁਰ ਬਲਵੀਰ ਸਿੰਘ ਚਲਾੜੀਆ ਨੇ ਦੱਸਿਆ ਕਿ ਇਹ ਪੁਲ 15 ਜੁਲਾਈ 2022 ਨੂੰ ਭਾਰੀ ਬਾਰਸ਼ ਸਮੇਂ ਜ਼ਿਆਦਾ ਹੜ੍ਹ ਦਾ ਪਾਣੀ ਆਉਣ ਨਾਲ ਰੁੜ੍ਹ ਗਿਆ ਸੀ। ਇਸ ਮਗਰੋਂ ਸਾਬਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਨੇ ਇਲਾਕਾ ਵਾਸੀਆਂ ਨਾਲ ਤਤਕਾਲੀ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੁਲ ਟੁੱਟ ਜਾਣ ਨਾਲ ਇਲਾਕਾ ਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਮੰਗ ਪੱਤਰ ਸੌਂਪਿਆ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਦ ਤੱਕ ਪੱਕਾ ਪੁਲ ਨਹੀਂ ਬਣ ਜਾਂਦਾ, ਉਸ ਵੇਲੇ ਤੱਕ ਅਸਥਾਈ ਪੁਲ ਬਣਾ ਕੇ ਰਸਤਾ ਬਹਾਲ ਕਰ ਦਿੱਤਾ ਜਾਵੇ ਪਰ ਬਾਅਦ ਵਿੱਚ ਡੀਸੀ ਦਾ ਤਬਾਦਲਾ ਹੋ ਗਿਆ ਤੇ ਪੁਲ ਦਾ ਵੀ ਕੁਝ ਨਾ ਹੋਇਆ। ਅਖੀਰ ਇਲਾਕਾ ਵਾਸੀਆਂ ਨੇ ਖੁਦ ਹੀ ਹਿੰਮਤ ਕਰਕੇ ਸੀਮਿੰਟ ਦੀਆਂ ਪਾਈਪਾਂ ਨਾਲ ਅਸਥਾਈ ਰਸਤਾ ਬਣਾ ਲਿਆ।