ਦਲਬੀਰ ਸੱਖੋਵਾਲੀਆ
ਬਟਾਲਾ, 10 ਅਗਸਤ
ਪੈਰੋਸ਼ਾਹ ਪਿੰਡ ਦੇ ਲੋਕਾਂ ਨੇ ਗੰਦੇ ਪਾਣੀ ਦੇ ਛੱਪੜ ਦਾ ਸੁਚੱਜਾ ਪ੍ਰਬੰਧ ਕਰਕੇ ਇਸ ਨੂੰ ਇੱਕ ਲਾਹੇਵੰਦ ਸਰੋਤ ਵਿੱਚ ਤਬਦੀਲ ਕੀਤਾ ਹੈ। ਪਿੰਡ ਦੇ ਇਸ ਛੱਪੜ ਨੂੰ ਦੇਖਣ ਹੁਣ ਦੂਰ-ਨੇੜੇ ਦੇ ਪਿੰਡਾਂ ਤੋਂ ਲੋਕ ਆਉਂਦੇ ਹਨ। ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਹੁਣ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਵੇਲੇ ਇਹ ਪਾਣੀ ਵਰਤੋਂ ਪਿੰਡ ਦੇ ਲੋਕ ਵੀ ਵਰਤਦੇ ਹਨ। ਪਿੰਡ ਵਿੱਚ 147 ਘਰ ਹਨ ਅਤੇ ਆਬਾਦੀ ਲਗਪਗ 817 ਹੈ। ਪਹਿਲਾਂ ਇਸ ਛੱਪੜ ਵਿੱਚ ਪਿੰਡ ਦਾ ਗੰਦਾ ਪਾਣੀ ਇਕੱਠਾ ਹੁੰਦਾ ਸੀ ਜਿਸ ਨਾਲ ਗੰਭੀਰ ਬਿਮਾਰੀਆਂ ਦਾ ਵੱਡਾ ਖ਼ਤਰਾ ਬਣਿਆ ਰਹਿੰਦਾ ਸੀ। ਪਿੰਡ ਵਾਸੀ ਅਧਿਆਪਕ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਪਿੰਡ ਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਸੀ ਕਿਉਂ ਜੋ ਖੁੱਲ੍ਹੇ ਨਾਲਿਆਂ ਵਿੱਚੋਂ ਗੰਦਾ ਪਾਣੀ ਅਕਸਰ ਸੜਕਾਂ ’ਤੇ ਵਹਿੰਦਾ ਰਹਿੰਦਾ ਸੀ। ਦੱਸਿਆ ਕਿ ਸਤੰਬਰ 2019 ਵਿੱਚ ਮਗਨਰੇਗਾ ਅਤੇ ਪੰਚਾਇਤ ਫੰਡਾਂ ਦੇ ਸਹਿਯੋਗ ਸਦਕਾ 27.89 ਲੱਖ ਰੁਪਏ ਦੀ ਲਾਗਤ ਨਾਲ ਤਰਲ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟ ਸਥਾਪਤ ਕੀਤਾ ਗਿਆ। ਪੈਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਬਿਕਰਮਜੀਤ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਸਰਵਣ ਸਿੰਘ ਅਤੇ ਅੰਗਰੇਜ਼ ਸਿੰਘ ਛੱਪੜ ਦੇ ਪਾਣੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਰਹੇ ਹਨ। ਛੱਪੜ ਦਾ ਕੁੱਲ ਰਕਬਾ 7 ਕਨਾਲ ਹੈ ਅਤੇ ਥਾਪਰ ਤਕਨੀਕ ਦੀ ਵਰਤੋਂ ਕਰਦੇ ਹੋਏ ਟੈਂਕਾਂ ਰਾਹੀਂ ਗੰਦੇ ਪਾਣੀ ਨੂੰ ਵਰਤੋਂਯੋਗ ਬਣਾ ਕੇ ਛੱਪੜ ਵਿਚ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਪਾਣੀ ਨਾਲ ਇੱਕ ਮਹੀਨੇ ਵਿੱਚ 18 ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾ ਰਹੀ ਹੈ। ਪਹਿਲਾਂ ਇਸ ਸਿੰਚਾਈ ਲਈ 2 ਵੱਖਰੇ ਟਿਊਬਵੈੱਲਾਂ ਦੀ ਲੋੜ ਪੈਂਦੀ ਸੀ। ਛੱਪੜ ਦੇ ਆਲੇ ਦੁਆਲੇ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਬਣਾਇਆ ਗਿਆ ਹੈ।