ਗੁਰਬਖਸ਼ਪੁਰੀ
ਤਰਨ ਤਾਰਨ, 7 ਜੁਲਾਈ
ਮੰਗਲਵਾਰ ਨੂੰ ਖੇਮਕਰਨ ਵਾਸੀ ਟੈਕਸੀ ਡਰਾਈਵਰ ਸ਼ੇਰਾ ਮਸੀਹ ਦੀ ਗੋਲੀ ਮਾਰ ਕੇ ਕੀਤੇ ਅੰਨ੍ਹੇ ਕਤਲ ਦੀ ਪੁਲੀਸ ਨੇ ਗੁੱਥੀ ਹੱਲ ਕਰਦਿਆਂ ਮੁੱਖ ਸਾਜਿਸ਼ਘਾੜੇ ਸਾਜਨ ਸਿੰਘ ਵਾਸੀ ਖੇਮਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ| ਹੱਤਿਆ ਨਾਲ ਸਬੰਧਤ ਤਿੰਨ ਮੁਲਜ਼ਮ ਅਜੇ ਫਰਾਰ ਹਨ| ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਦੋ ਖ਼ਿਲਾਫ਼ ਦਫ਼ਾ 302, 34 ਅਧੀਨ ਕੇਸ ਦਰਜ ਕੀਤਾ ਸੀ| ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਾਜਨ ਸਿੰਘ ਦੇ ਸ਼ੇਰਾ ਮਸੀਹ ਦੀ ਪਤਨੀ ਨਾਲ ਸਬੰਧ ਸੀ ਤੇ ਇਸ ਸਬੰਧੀ ਦੋਹਾਂ ਵਿਚਾਲੇ ਅਕਸਰ ਤਕਰਾਰ ਰਹਿੰਦਾ ਸੀ| ਸਾਜਨ ਸਿੰਘ ਨੇ ਸ਼ੇਰਾ ਨੂੰ ਸਬੰਧਾਂ ਤੋਂ ਲਾਂਭੇ ਕਰਨ ਲਈ ਰੁਦਰਪੁਰ (ਉਤਰਾਖੰਡ) ਰਹਿੰਦੇ ਸਾਥੀ ਅਰੁਣ ਕੋਲੋਂ ਮਦਦ ਮੰਗੀ ਜਿਸ ਨੇ ਉਥੋਂ ਆਪਣੇ ਕਰੀਬੀ ਰੋਹਿਤ ਤੇ ਇਕ ਹੋਰ ਨੂੰ ਹਥਿਆਰ ਦੇ ਕੇ ਭੇਜਿਆ| ਮੰਗਲਵਾਰ ਨੂੰ ਸਾਜਨ ਸਿੰਘ ਦੇ ਇਸ਼ਾਰੇ ’ਤੇ ਰੋਹਿਤ ਤੇ ਉਸ ਨਾਲ ਆਏ ਵਿਅਕਤੀ ਨੇ ਸ਼ੇਰਾ ਮਸੀਹ ਦੀ ਕਾਰ ਅੰਮ੍ਰਿਤਸਰ ਤੱਕ ਕਿਰਾਏ ’ਤੇ ਲਈ| ਉਨ੍ਹਾਂ ਖੇਮਕਰਨ ਤੋਂ ਅੱਗੇ ਜਾ ਕੇ ਸ਼ੇਰਾ ’ਤੇ ਕਾਰ ਦੀ ਪਿਛਲੀ ਸੀਟ ਤੋਂ ਹੀ ਗੋਲੀਆਂ ਚਲਾ ਦਿੱਤੀਆਂ| ਸ਼ੇਰਾ ਹਸਪਤਾਲ ਜਾਂਦਿਆਂ ਦਮ ਤੋੜ ਗਿਆ| ਡੀਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਥਾਣਾ ਵਲਟੋਹਾ ਦੇ ਐੱਸਐੱਚਓ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਟੈਕਨੀਕਲ ਸਰਵੀਲੈਂਸ ਤੇ ਖੁਫੀਆ ਸਬੂਤ ਇਕੱਤਰ ਕੀਤੇ| ਜਿਸ ’ਤੇ ਅੱਜ ਸਾਜਨ ਸਿੰਘ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚਾਈ ਉਗਲ ਦਿੱਤੀ| ਮਾਮਲੇ ਦੇ ਤਿੰਨ ਮੁਲਜ਼ਮਾਂ ਅਰੁਣ, ਰੋਹਿਤ ਤੇ ਇਕ ਅਣਪਛਾਤੇ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਨੇ ਚਾਰਾਜੋਈ ਸ਼ੁਰੂ ਕੀਤੀ ਹੈ।