ਤੇਜਿੰਦਰ ਸਿੰਘ ਖ਼ਾਲਸਾ
ਚੋਹਲਾ ਸਾਹਿਬ, 14 ਜੁਲਾਈ
ਤਿੰਨ ਵਾਰ ਵਿਧਾਇਕ, ਦੋ ਵਾਰ ਕੈਬਨਿਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਇੱਕ ਵਾਰ ਸੰਸਦ ਮੈਂਬਰ ਰਹਿ ਚੁੱਕੇ ਰਣਜੀਤ ਸਿੰਘ ਦੇ ਪਿੰਡ ਬ੍ਰਹਮਪੁਰਾ ਵਾਸੀਆਂ ਲਈ ਅੱਜ-ਕੱਲ੍ਹ ਸਥਿਤੀ ਮੁਸ਼ਕਲ ਬਣੀ ਹੋਈ ਹੈ। ਹਲਕੀ ਜਿਹੀ ਬਰਸਾਤ ਤੋਂ ਬਾਅਦ ਛੱਪੜਾਂ ਦਾ ਪਾਣੀ ਸਾਰੇ ਪਿੰਡ ਵਿੱਚ ਫੈਲ ਜਾਂਦਾ ਹੈ। ਹਾਲਾਤ ਇਹ ਹਨ ਕਿ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਵਿਹੜਾ ਵੀ ਪਾਣੀ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ ਪਿੰਡ ਬ੍ਰਹਮਪੁਰਾ ਦੀ ਆਬਾਦੀ ਸਾਢੇ ਚਾਰ ਹਜ਼ਾਰ ਦੇ ਕਰੀਬ ਹੈ। ਪਿੰਡ ਵਿੱਚ ਇੱਕ ਛੱਪੜ ਹੈ, ਜਿਸ ਦੀ ਹਾਲਤ ਬਹੁਤ ਮਾੜੀ ਹੈ। ਕਰੀਬ ਚਾਰ ਸਾਲਾਂ ਤੋਂ ਛੱਪੜ ਦੀ ਸਫ਼ਾਈ ਨਹੀਂ ਹੋਈ।
ਇਸ ਮੌਕੇ ਜਗੀਰ ਸਿੰਘ, ਕੇਵਲ ਸਿੰਘ, ਬਲਬੀਰ ਸਿੰਘ, ਚਰਨ ਕੌਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਕਾਸ ਲਈ ਬਹੁਤ ਘੱਟ ਫੰਡ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਮਾਮੂਲੀ ਬਰਸਾਤ ਕਾਰਨ ਛੱਪੜ ਦਾ ਪਾਣੀ ਉੱਪਰ ਆ ਜਾਂਦਾ ਹੈ, ਜਿਸ ਕਾਰਨ ਪਿੰਡ ਵਿੱਚ ਦੂਸ਼ਿਤ ਪਾਣੀ ਫੈਲ ਜਾਂਦਾ ਹੈ। ਵੀਰਵਾਰ ਨੂੰ ਪਏ ਮੀਂਹ ਕਾਰਨ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਕੋਠੀ ਦੇ ਬਾਹਰ ਵੀ ਪਾਣੀ ਭਰ ਗਿਆ ਜਦੋਂਕਿ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਹੜੇ ਵਿੱਚ ਵੀ ਛੱਪੜ ਬਣ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਛੱਪੜ ਦੀ ਮੁਰੰਮਤ ਕਰਵਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਜਾਵੇ।
ਗਰਾਂਟ ਨਾ ਮਿਲਣ ਕਾਰਨ ਛੱਪੜ ਦੀ ਸਫ਼ਾਈ ਨਹੀਂ ਹੋ ਸਕੀ: ਸਰਪੰਚ
ਸਰਪੰਚ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡ ਦੇ ਛੱਪੜ ਲਈ ਸਰਕਾਰ ਤੋਂ ਗਰਾਂਟ ਦੀ ਮੰਗ ਕੀਤੀ ਸੀ। ਗਰਾਂਟ ਨਾ ਮਿਲਣ ਕਾਰਨ ਛੱਪੜ ਦੀ ਸਫ਼ਾਈ ਨਹੀਂ ਹੋ ਸਕੀ।