ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 7 ਮਈ
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਫ਼ਦ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਪਿਛਲੇ ਦਿਨੀਂ ਦਿੱਤੇ ਮੰਗ ਪੱਤਰ ਸਬੰਧੀ ਮੀਟਿੰਗ ਹੋਈ। ਮੀਟਿੰਗ ਵਿੱਚ ਚੀਫ ਪਾਵਰਕੌਮ ਬਾਲ ਵਿਪਨ, ਡਿਪਟੀ ਚੀਫ ਜਤਿੰਦਰ ਸਿੰਘ, ਖੇਤੀਬਾੜੀ ਚੀਫ ਅੰਮ੍ਰਿਤਸਰ ਅਤੇ ਡੀਆਰਓ ਸਮੇਤ ਹੋਰ ਅਧਿਕਾਰੀ ਤੇ ਕਿਸਾਨ ਆਗੂ ਵੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਬਿਜਲੀ ਮੰਤਰੀ ਨਾਲ ਮੀਟਿੰਗ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਡਾ. ਕੰਵਰ ਦਲੀਪ ਸਿੰਘ, ਮੰਗਜੀਤ ਸਿੰਘ ਸਿੱਧਵਾਂ ਮੌਜੂਦ ਸਨ। ਮੀਟਿੰਗ ’ਚ ਬਿਜਲੀ ਮੰਤਰੀ ਕੋਲੋਂ ਖੇਤੀ ਮੋਟਰਾਂ ਲਈ 1200 ਵੀਡੀਐੱਸ ਪ੍ਰਤੀ ਹਾਰਸ ਪਾਵਰ ਲਾਗੂ ਕਰਨ ਦੀ ਮੰਗ ਕੀਤੀ ਗਈ ਤੇ ਮੰਗ ਨੂੰ ਮੰਨਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਮੰਗ ਜਲਦੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 300 ਯੂਨਿਟ ਮੁਫ਼ਤ ਬਿਜਲੀ ਜੁਲਾਈ ਤੋਂ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ ਤੇ ਬਗੈਰ ਸ਼ਰਤ ਸਾਰੇ ਵਰਗਾਂ ਨੂੰ ਸਹੂਲਤ ਦਿੱਤੀ ਜਾਵੇਗੀ। ਮੰਤਰੀ ਦੇ ਧਿਆਨ ਵਿਚ ਕਿਸਾਨ ਆਗੂਆਂ ਨੇ 26 ਜੂਨ ਤੋਂ ਝੋਨੇ ਦੀ ਬਿਜਾਈ ਬਾਰੇ ਲਿਆਉਂਦਿਆਂ ਕਿਹਾ ਸਰਕਾਰ ਇਸ ਬਾਰੇ ਮੁੜ ਵਿਚਾਰ ਕਰੇ। ਉਨ੍ਹਾਂ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ ਗਿਆ।