ਪੱਤਰ ਪ੍ਰੇਰਕ
ਪਠਾਨਕੋਟ, 11 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਜਾਨਪੁਰ, ਨਿਆੜੀ, ਵੇਰਕਾ, ਨਰੋਟ ਜੈਮਲ ਸਿੰਘ, ਤਰਨਤਾਰਨ ਸਮੇਤ 11 ਕਾਲਜਾਂ ’ਚ ਪਾਰਟ ਟਾਈਮ ਬੇਸਿਸ ’ਤੇ ਪੜ੍ਹਾ ਰਹੇ ਸਹਾਇਕ ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੇ ਸਾਲ ਦੀ ਤਨਖਾਹ ਦਿੱਤੀ ਜਾਵੇ। ਇਹ ਪ੍ਰੋਫੈਸਰ ਪਿਛਲੇ ਲਗਭਗ 10 ਸਾਲਾਂ ਤੋਂ ਕਾਲਜਾਂ ’ਚ ਸੇਵਾਵਾਂ ਨਿਭਾ ਰਹੇ ਹਨ। ਸਹਾਇਕ ਪ੍ਰੋਫੈਸਰਾਂ ਰਵਿੰਦਰ ਚਨੋਟੀਆ, ਵਿਸ਼ਾਲ ਅਤੇ ਗੁਰਪ੍ਰੀਤ ਨੇ ਦੱਸਿਆ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਮਸਾਂ ਹੀ 6 ਮਹੀਨੇ ਤਨਖਾਹ ਦਿੰਦੀ ਹੈ ਅਤੇ ਬਾਕੀ ਦੇ ਬਚੇ 6 ਮਹੀਨੇ ਉਹ ਘਰ ਵਿਹਲੇ ਬੈਠ ਕੇ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਹਨ ਜਦ ਕਿ ਪੰਜਾਬ ਸਰਕਾਰ ਵੱਲੋਂ ਪ੍ਰਤੀ ਕਾਲਜ ਡੇਢ ਕਰੋੜ ਰੁਪਏ ਦੀ ਗ੍ਰਾਂਟ ਸੰਚਾਲਨ ਲਈ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ ਤੋਂ 12 ਮਹੀਨੇ ਦੀ ਫੀਸ ਵੀ ਵਸੂਲਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਪੜ੍ਹਾ ਰਹੇ ਸਹਾਇਕ ਪ੍ਰੋਫੈਸਰਾਂ ਨੂੰ 12 ਮਹੀਨੇ ਤਨਖਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸਿਰਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰਾਂ ਨਾਲ ਹੀ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਦੋਹਾਂ ਯੂਨੀਵਰਸਿਟੀਆਂ ਦੀ ਤਰ੍ਹਾਂ ਇਸ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਵੀ ਪਾਰਟ ਟਾਈਮ ਸਹਾਇਕ ਪ੍ਰੋਫੈਸਰਾਂ ਨੂੰ 12 ਮਹੀਨੇ ਤਨਖਾਹ ਦਿੱਤੀ ਜਾਵੇ।