ਡਾ. ਰਜਿੰਦਰ ਸਿੰਘ
ਡੇਰਾ ਬਾਬਾ ਨਾਨਕ, 4 ਜੁਲਾਈ
ਇਥੋਂ ਦੇ ਪਿੰਡ ਉਦੋਵਾਲੀ ਤੇ ਪੱਡਾ ਦੇ ਨੇੜੇ ਅੱਜ ਨਹਿਰੀ ਵਿਭਾਗ ਅਲੀਵਾਲ ਦੇ ਅਧੀਨ ਪੈਂਦੇ ਰਜਵਾਹੇ ’ਚ ਕਰੀਬ 20 ਤੋਂ 25 ਫੁੱਟ ਤੱਕ ਦਾ ਪਾੜ ਪੈਣ ਕਰਕੇ ਨਾਲ ਲਗਦੇ ਦਰਜਨਾਂ ਪਿੰਡਾਂ ਵਿੱਚ ਝੋਨੇ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਈ ਹੈ| ਇਸ ਮੌਕੇ ਪੀੜਤ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੁਕਸਾਨ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ| ਪੀੜਤ ਕਿਸਾਨ ਅਜੀਤ ਸਿੰਘ ਪੱਡਾ ਨੇ ਦੱਸਿਆ ਹੈ ਕਿ ਨਹਿਰੀ ਵਿਭਾਗ ਵੱਲੋਂ ਹਰ ਸਾਲ ਇਸ ਨਹਿਰ ਦੀ ਸਫ਼ਾਈ ਸਮੇਂ ਸਿਰ ਨਹੀਂ ਕਰਵਾਈ ਜਾਂਦੀ ਜਿਸ ਕਰਕੇ ਹਰ ਸਾਲ ਹੀ ਉਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ| ਉਨ੍ਹਾਂ ਕਿਹਾ ਕਿ ਅਧਿਕਾਰੀ ਸਿਰਫ ਕਾਗਜ਼ਾਂ ਵਿੱਚ ਖਾਨਾਪੂਰਤੀ ਕਰਦੇ ਹਨ| ਮੌਕੇ ’ਤੇ ਮੌਜੂਦ ਹੋਰ ਪੀੜਤ ਕਿਸਾਨਾਂ ਨੇ ਵੀ ਨਹਿਰੀ ਵਿਭਾਗ ਖ਼ਿਲਾਫ਼ ਗੁੱਸਾ ਕੱਢਿਆ ਅਤੇ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਮੰਗਿਆ ਹੈ| ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਰਫ ਝੋਨੇ ਦੀ ਫ਼ਸਲ ਹੀ ਨਹੀਂ ਸਗੋਂ ਪਸ਼ੂਆਂ ਦਾ ਚਾਰਾ ਅਤੇ ਤੂੜੀ ਵੀ ਖ਼ਰਾਬ ਹੋ ਗਈ ਹੈ| ਇਸ ਮੌਕੇ ਕਿਸਾਨਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਰੰਧਾਵਾ ਅਤੇ ਆਪ ਆਗੂ ਗੁਰਦੀਪ ਸਿੰਘ ਰੰਧਾਵਾ ਵੀ ਪੁੱਜੇ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਢੁੱਕਾਂ ਮੁਆਵਜ਼ਾ ਦਿੱਤਾ ਜਾਵੇ| ਇਨ੍ਹਾਂ ਆਗੂਆਂ ਨੇ ਨਹਿਰੀ ਵਿਭਾਗ ਦੇ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲ਼ਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ|
ਇਸ ਦੌਰਾਨ ਮੌਕੇ ’ਤੇ ਪੁੱਜੇ ਨਹਿਰੀ ਵਿਭਾਗ ਅਲੀਵਾਲ ਦੇ ਐਕਸੀਅਨ ਰਾਜੇਸ਼ ਗੁਪਤਾ ਨੇ ਕਿਹਾ ਹੈ ਇਸ ਪਾੜ ਨੂੰ ਜਲਦੀ ਹੀ ਠੀਕ ਕੀਤਾ ਜਾਵੇਗਾ।