ਪੱਤਰ ਪ੍ਰੇਰਕ
ਕਰਤਾਰਪੁਰ 22 ਅਕਤੂਬਰ
ਨਗਰ ਸੁਧਾਰ ਟਰੱਸਟ ਕਰਤਾਰਪੁਰ ਵੱਲੋਂ ਲੱਕੀ ਡਰਾਅ ਰਾਹੀਂ ਵੇਚੇ ਜਾ ਰਹੇ ਪਲਾਟਾਂ ਦੇ ਇੱਕ ਹਿੱਸੇ ਉੱਪਰ ਬਾਬਾ ਵਡਭਾਗ ਸਿੰਘ ਦੇ ਵੰਸ਼ਜ ਬਾਬਾ ਅਮਰਿੰਦਰ ਸਿੰਘ ਵੱਲੋਂ ਆਪਣੀ ਮਾਲਕੀ ਦਾ ਦਾਅਵਾ ਪੇਸ਼ ਕਰਦਿਆਂ ਨਵੇਂ ਸਿਰੋਂ ਨਿਸ਼ਾਨਦੇਹੀ ਕਰਕੇ ਸਤਾਈ ਮਰਲੇ ਜ਼ਮੀਨ ਵਾਪਸ ਦੇਣ ਅਤੇ ਲੱਕੀ ਡਰਾਅ ਰਾਹੀਂ ਪਲਾਟ ਵੇਚਣ ’ਤੇ ਰੋਕ ਲਗਾਉਣ ਲਈ ਉੱਚ ਅਫ਼ਸਰਾਂ ਕੋਲ ਗੁਹਾਰ ਲਗਾਈ ਹੈ। ਬਾਬਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਮੌਕੇ 2012 ਵਿੱਚ ਸਥਾਨਕ ਸਰਕਾਰਾਂ ਵਿਭਾਗ ਨੇ ਉਨ੍ਹਾਂ ਦੀ 115 ਕਨਾਲ ਜ਼ਮੀਨ ਐਕਵਾਇਰ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ ਦਾ ਰਕਬਾ ਹਾਲੇ ਵੀ ਐਕਵਾਇਰ ਕੀਤੀ ਜ਼ਮੀਨ ਵਿੱਚ ਆਉਂਦਾ ਹੈ। ਇਸ ਸਬੰਧੀ ਰਿਕਾਰਡ ਮਾਲ ਵਿਭਾਗ ਵਿੱਚ ਦਰਜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣਾ ਹੱਕ ਲੈਣ ਲਈ ਮਾਲ ਵਿਭਾਗ ਕੋਲੋਂ ਨਿਸ਼ਾਨਦੇਹੀ ਕਰਵਾਉਣ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਨਾਇਬ ਤਹਿਸੀਲਦਾਰ ਨੂੰ ਲਿਖਤੀ ਦਰਖਾਸਤ ਦਿੱਤੀ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਤਿਨ ਅਗਰਵਾਲ ਨੇ ਦੱਸਿਆ ਕਿ ਕਲੋਨੀ ਦੇ ਅਠਾਰਾਂ ਪਲਾਟ ਡਰਾਅ ਰਾਹੀਂ ਕੱਢਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਕਾਨੂੰਨੀ ਤੌਰ ’ਤੇ ਟਰੱਸਟ ਦੀ ਸਕੀਮ ਦਾ ਹਿੱਸਾ ਹਨ। ਨਾਇਬ ਤਹਿਸੀਲਦਾਰ ਮਨੋਹਰ ਲਾਲ ਨੇ ਦੱਸਿਆ ਕਿ ਹਲਕਾ ਕਾਨੂੰਗੋ ਰਾਹੀਂ ਨਗਰ ਸੁਧਾਰ ਟਰੱਸਟ ਦੀ ਜ਼ਮੀਨ ਦੀ ਨਿਸ਼ਾਨਦੇਹੀ ਨਵੇਂ ਸਿਰਿਓਂ ਕੀਤੀ ਗਈ ਹੈ। ਇਸ ਅਨੁਸਾਰ ਧਾਰਮਿਕ ਡੇਰੇ ਦੇ ਵੰਸ਼ਜਾਂ ਵੱਲੋਂ ਕੀਤੇ ਦਾਅਵੇ ਅਨੁਸਾਰ ਸਤਾਈ ਮਰਲੇ ਜ਼ਮੀਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਦਰਜ ਹੈ।