ਪੱਤਰ ਪ੍ਰੇਰਕ
ਪਠਾਨਕੋਟ, 2 ਨਵੰਬਰ
ਹਲਕਾ ਸੁਜਾਨਪੁਰ ਵਿੱਚ ਖਾਨਪੁਰ ਤੋਂ ਸੁਜਾਨਪੁਰ ਨੂੰ ਜੋੜਨ ਵਾਲੀ ਲਿੰਕ ਸੜਕ ਜੋ ਤਿੰਨ ਮਹੀਨੇ ਤੋਂ ਬੰਦ ਪਈ ਸੀ ਨੂੰ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਮਿੱਟੀ ਪੁਆ ਕੇ ਖੁੱਲ੍ਹਵਾ ਦਿੱਤਾ। ਅਮਿਤ ਸਿੰਘ ਮੰਟੂ ਨੇ ਕਿਹਾ ਕਿ ਖਾਨਪੁਰ ਤੋਂ ਸੁਜਾਨਪੁਰ ਵਾਇਆ ਗੰਦਲਾ ਲਾਹੜੀ ਨੂੰ ਜੋੜਨ ਵਾਲੀ ਸੜਕ ਵਿਚਕਾਰ ਦਾ ਪੁਲ ਜੋ ਬਰਸਾਤ ਨਾਲ ਨੁਕਸਾਨਿਆ ਗਿਆ ਸੀ, ਪਿਛਲੇ 3 ਮਹੀਨਿਆਂ ਤੋਂ ਬੰਦ ਹੋਇਆ ਪਿਆ ਸੀ ਜਿਸ ਕਾਰਨ 15 ਤੋਂ 20 ਪਿੰਡ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਹੋਰ ਰਸਤੇ ਰਾਹੀਂ ਜਾਣਾ ਪੈ ਰਿਹਾ ਸੀ। ਜਿਸ ਨਾਲ ਉਨ੍ਹਾਂ ਨੂੰ 20 ਕਿਲੋਮੀਟਰ ਦਾ ਵਾਧੂ ਸਫਰ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਲੈ ਕੇ ਇੰਨ੍ਹਾਂ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਮਿਲੇ ਸਨ। ਇਸ ਸਮੱਸਿਆ ਨੂੰ ਗੰਭੀਰ ਲੈਂਦੇ ਹੋਏ ਉਨ੍ਹਾਂ ਅੱਜ ਮਿੱਟੀ ਪੁਆ ਕੇ ਰਸਤੇ ਨੂੰ ਖੁਲ੍ਹਵਾ ਦਿੱਤਾ। ਜਿਸ ਨਾਲ ਇਨ੍ਹਾਂ ਪਿੰਡਾਂ ਦਾ ਆਉਣਾ ਜਾਣਾ ਇਸ ਰਸਤੇ ਤੋਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਉਕਤ ਲਿੰਕ ਸੜਕ ਦੀ ਮੁਰੰਮਤ ਵੀ ਜਲਦੀ ਕਰਵਾ ਦਿੱਤੀ ਜਾਵੇਗੀ।