ਪੱਤਰ ਪ੍ਰੇੇਰਕ
ਅਜਨਾਲਾ, 19 ਜੁਲਾਈ
ਮੰਜ਼ਿਲ ਤੱਕ ਪਹੁੰਚਣ ਲਈ ਸੜਕਾਂ ’ਤੇ ਲੱਗੇ ਦਿਸ਼ਾ ਸੂਚਕ ਜਾਂ ਪਿੰਡਾਂ ਦੀ ਜਾਣਕਾਰੀ ਦਿੰਦੇ ਬੋਰਡ ਬਹੁਤ ਹੀ ਸਹਾਈ ਹੁੰਦੇ ਹਨ। ਇਨ੍ਹਾਂ ਦੀ ਮਦਦ ਨਾਲ ਕੋਈ ਵੀ ਅਣਜਾਣ ਰਾਹਗੀਰ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ। ਮ
ੁੱਖ ਸੜਕਾਂ ’ਤੇ ਤਾਂ ਸਾਈਨ ਬੋਰਡ ਜਾਂ ਪਿੰਡਾਂ ਦੇ ਨਾਮ ਲਿਖੇ ਬੋਰਡ ਅਕਸਰ ਹੀ ਲੱਗੇ ਹੁੰਦੇ ਹਨ ਪਰ ਲਿੰਕ ਸੜਕਾਂ ਜੋ ਪਿੰਡਾਂ ਨੂੰ ਆਪਸ ਵਿੱਚ ਜੋੜਦੀਆਂ ’ਤੇ ਇਨ੍ਹਾਂ ਦੀ ਅਣਹੋਂਦ ਹੈ। ਲਿੰਕ ਸੜਕਾਂ ’ਤੇ ਵਸੇ ਪਿੰਡਾਂ ਦੇ ਨਾਮ ਦੀ ਜਾਣਕਾਰੀ ਦਿੰਦੇ ਬੋਰਡ ਨਾ ਹੋਣ ਕਾਰਨ ਇੱਥੋਂ ਲੰਘਦੇ ਰਾਹਗੀਰ ਅਕਸਰ ਹੀ ਪ੍ਰੇਸ਼ਾਨ ਹੁੰਦੇ ਹਨ ਜਾਂ ਲੋਕਾਂ ਕੋਲੋਂ ਰਾਹ ਪੁੱਛ-ਪੁੱਛ ਕੇ ਆਪਣੀ ਮੰਜ਼ਿਲ ਤੱਕ ਬੜੀ ਮੁਸ਼ਕਲ ਨਾਲ ਪਹੁੰਚਦੇ ਹਨ। ਇਸ ਦੀ ਤਾਜ਼ਾ ਮਿਸਾਲ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਵਿੱਚ ਵਸੇ ਬਹੁ-ਗਿਣਤੀ ਪਿੰਡਾਂ ਤੋਂ ਮਿਲਦੀ ਹੈ ਜੋ ਕਿ ਥੋੜ੍ਹੀ-ਥੋੜ੍ਹੀ ਦੂਰ ’ਤੇ ਵਸੇ ਹੋਣ ਕਾਰਨ ਇਨ੍ਹਾਂ ਨੂੰ ਲਿੰਕ ਸੜਕਾਂ ਆਪਸ ਵਿੱਚ ਜੋੜਨ ਦਾ ਕੰਮ ਕਰਦੀਆਂ ਹਨ। ਇੱਥੇ ਇਨ੍ਹਾਂ ਸੜਕਾਂ ਦੇ ਕੰਢਿਆਂ ਅਤੇ ਆਪਸ ਵਿੱਚ ਮਿਲਦੀਆਂ ਸੜਕਾਂ ’ਤੇ ਬਣਦੇ ਚੌਕਾਂ ਵਿੱਚ ਦਿਸ਼ਾ ਸੂਚਕ ਅਤੇ ਪਿੰਡਾਂ ਨੂੰ ਦਰਸਾਉਣ ਵਾਲੇ ਬੋਰਡ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਇਸ ਸਬੰਧੀ ਰਾਹਗੀਰ ਅਤੇ ਸਮਾਜ ਸੇਵੀ ਪਰਮ ਸੰਧੂ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਵਸਦੇ ਛੋਟੇ-ਛੋਟੇ ਪਿੰਡ ਸ਼ਾਹਲੀਵਾਲ, ਸੈਦੋਗਾਜੀ, ਮਾਝੀਮੀਓ, ਸੈਦਪੁਰ ਆਦਿ ਪਿੰਡਾਂ ਨੂੰ ਧੁੱਸੀ ਬੰਨ੍ਹ ਤੋਂ ਕਦੀ ਇਸ ਪਾਸੇ ਅਤੇ ਕਦੀ ਉਸ ਪਾਸੇ ਲਿੰਕ ਸੜਕਾਂ ਮੁੜਦੀਆਂ ਹਨ ਪਰ ਇੱਥੇ ਕਿਸੇ ਵੀ ਪਿੰਡ ਨੂੰ ਜਾਂਦੀ ਸੜਕ ’ਤੇ ਪਿੰਡ ਦਾ ਨਾਮ ਨਾ ਲਿਖੇ ਜਾਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਸਮੱਸਿਆ ਪੇਸ਼ ਆ ਰਹੀ ਹੈ ਅਤੇ ਕਈ ਵਾਰ ਤਾਂ ਰਸਤੇ ਵਿੱਚ ਕਿਸੇ ਵੀ ਵਿਅਕਤੀ ਦੇ ਨਾ ਮਿਲਣ ਕਾਰਨ ਪਿੰਡਾਂ ਨੂੰ ਜਾਂਦੀ ਸੜਕ ਬਾਰੇ ਨਾ ਪੁੱਛੇ ਜਾਣ ’ਤੇ ਰਾਹਗੀਰ ਅਣਜਾਣੇ ਵਿੱਚ ਕਿਸੇ ਹੋਰ ਪਿੰਡ ਹੀ ਜਾ ਵੜਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਹੱਦੀ ਖੇਤਰ ਵਿੱਚ ਚੱਲਦੀਆਂ ਸਾਰੀਆਂ ਹੀ ਲਿੰਕ ਸੜਕਾਂ ਅਤੇ ਧੁੱਸੀ ਬੰਨ੍ਹ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੇ ਨਾਮ ਲਿਖੇ ਹੋਏ ਬੋਰਡ ਲਗਵਾਏ ਜਾਣ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਧੁੱਸੀ ਬੰਨ੍ਹ ਤੇ ਸੜਕ ਚੌੜੀ ਕਰਕੇ ਬੋਰਡ ਲਗਾਏ ਜਾਣਗੇ: ਐਕਸੀਅਨ
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਿਆਲ ਸ਼ਰਮਾ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੀ ਸੜਕ ਮੁਰੰਮਤ ਕਰਕੇ ਚੌੜੀ ਕਰਨ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕੰਮ ਖਤਮ ਹੋਣ ਉਪਰੰਤ ਪਿੰਡਾਂ ਦੇ ਨਾਮ ਅਤੇ ਦਿਸ਼ਾ ਸੂਚਕ ਬੋਰਡ ਲਗਾ ਦਿੱਤੇ ਜਾਣਗੇ।