ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 7 ਜੁਲਾਈ
ਪਿੰਡ ਠੱਠਾ ਵਿੱਚ ਕਪੂਰ ਫਿਊਲ ਪੰਪ ’ਤੇ ਹਮਲਾ ਕਰਕੇ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਦੇ ਕਰੀਬ 4-5 ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਕਪੂਰ ਫਿਊਲ ਪੰਪ ਉਪਰ ਆਏ ਅਤੇ ਪੰਪ ’ਤੇ ਮੌਜੂਦ ਦੋ ਕਾਰਿੰਦਿਆਂ ਉਪਰ ਕਿਰਚਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਪੰਪ ’ਤੇ ਕੰਮ ਕਰਦਾ ਸੂਰਜ ਸਿੰਘ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਲੁਟੇਰੇ ਉਸ ਕੋਲੋਂ ਜ਼ਬਰਦਸਤੀ 15 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ 3 ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਅਲੀਵਾਲ ਵਿੱਚ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਵਿਦਿਆਰਥੀ ਨੂੰ ਬੱਸ ਅੱਡੇ ’ਤੇ ਕੁੱਟਮਾਰ ਕੇ ਜ਼ਖ਼ਮੀ ਕੀਤਾ
ਫਗਵਾੜਾ (ਪੱਤਰ ਪ੍ਰੇਰਕ) ਇਥੋਂ ਦੇ ਬੱਸ ਸਟੈਂਡ ਵਿੱਚ ਸਕੂਲ ਦੇ ਹੀ ਕੁੱਝ ਨੌਜਵਾਨਾਂ ਵੱਲੋਂ ਆਪਣੇ ਹੀ ਇੱਕ ਸਾਥੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਰਾਹੁਲ ਨੇ ਦੱਸਿਆ ਕਿ ਉਹ ਜੇ.ਜੇ. ਸਕੂਲ ਵਿੱਚ +2 ’ਚ ਪੜ੍ਹਾਈ ਕਰਦਾ ਹੈ। ਉਸਦਾ ਆਪਣੇ ਹੀ ਕਲਾਸ ਦੇ ਕੁਝ ਸਾਥੀਆਂ ਨਾਲ ਇੱਕ ਸਾਲ ਪਹਿਲਾਂ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇਨ੍ਹਾਂ ਦਾ ਸਮਝੌਤਾ ਹੋ ਗਿਆ ਸੀ ਪਰ ਹੁਣ ਮੁੜ ਇਨ੍ਹਾਂ ਨੌਜਵਾਨਾਂ ਨੇ ਉਸਨੂੰ ਬੱਸ ਸਟੈਂਡ ’ਤੇ ਘੇਰ ਲਿਆ ਜਦੋਂ ਉਹ ਘਰ ਜਾਣ ਲਈ ਬੱਸ ਫੜਨ ਲਈ ਖੜ੍ਹਾ ਸੀ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾ ਵੱਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।